
ਅੰਦੋਲਨ ਦੀ ਸਫ਼ਲਤਾ ਸਾਡੇ ਲੋਕਤੰਤਰ ਦੀ ਜਿੱਤ : ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ, 20 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਦੇਸ਼ ਦੇ ਕਿਸਾਨ 90 ਫ਼ੀ ਸਦੀ ਭਾਰਤ ਦੇ ਲੋਕਾਂ ਦੀ ਲੜਾਈ ਲੜ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ’ਤੇ ਪਾਈ ਵੀਡੀਓ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਪੂਰੇ ਦੇਸ਼ ਦੇ ਨੱਬੇ ਫ਼ੀ ਸਦੀ ਲੋਕਾਂ ਦੀ ਲੜਾਈ ਲੜ ਰਹੇ ਹਨ ਜਿਸ ਵਿਚ ਮਜ਼ਦੂਰ, ਛੋਟੇ ਵਪਾਰੀ, ਦੁਕਾਨਦਾਰ ਅਤੇ ਹੋਰ ਗ਼ਰੀਬ ਵਰਗਾਂ ਦੇ ਲੋਕਾਂ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ ਲੜਾਈ ਨਹੀਂ, ਇਹ ਇਕ ਸਮਾਜਕ ਲਹਿਰ ਬਣ ਚੁੱਕੀ ਹੈ ਜਿਸ ਰਾਜਨੀਤਕ ਪਾਰਟੀਆਂ ਲਾਹਾ ਨਹੀਂ ਲੈ ਸਕਦੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਇਕ ਸ਼ਾਂਤਮਈ ਅੰਦੋਲਨ ਖੜ੍ਹਾ ਕਰ ਦਿਤਾ ਹੈ, ਜਿਹੜਾ ਸਰਕਾਰ ਨੂੰ ਗੋਡਿਆਂ ਭਰ ਲੈ ਆਇਆ ਹੈ । ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਇਤਿਹਾਸ ਵਿਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਦੇਸ਼ ਦੇ ਲੱਖਾਂ ਕਿਸਾਨ ਸਰਕਾਰ ਵਿਰੁਧ ਖੜੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਸੱਭ ਤੋਂ ਵੱਧ ਸਿਆਣਾ ਹੈ, ਉਹ ਕਿਸੇ ਵੀ ਅਜਿਹੀ ਰਾਜਨੀਤਕ ਪਾਰਟੀ ਨੂੰ ਅਪਣੇ ਨੇੜੇ ਵੀ ਨਹੀਂ ਲੱਗਣ ਦੇਵੇਗਾ। ਜਿਹੜੀ ਪਾਰਟੀ ਰਾਜਨੀਤਕ ਲਾਹਾ ਲੈਣ ਦੀ ਕੋਸ਼ਿਸ਼ ਕਰਨ ਦੀ ਨੀਅਤ ਨਾਲ ਆਵੇਗੀ, ਕਿਸਾਨ ਉਸ ਨੂੰ ਮੂੰਹ ਨਹੀਂ ਲਾਉਣਗੇ।
ਉਨ੍ਹਾਂ ਕਿਹਾ ਕਿ ਕਿਸਾਨ ਦੇ ਵਲੂੰਧਰੇ ਦਿਲ ਚੋਂ ਨਿਕਲੀ ਪੀੜ ਦੇ ਵਿਚੋਂ ਉਦੈ ਹੋਈ ਲਹਿਰ ਦਾ ਇਹ ਡੂੰਘੇ ਅਰਥ ਹਨ। ਉਨ੍ਹਾਂ ਕਿਹਾ ਕਿ ਇਸ ਲਹਿਰ ਦਾ ਘੇਰਾ ਬਹੁਤ ਵਿਸ਼ਾਲ ਹੈ ਬਾਰਡਰਾਂ ਉੱਤੇ ਇਕੱਠੇ ਹੋਏ ਲੋਕਾਂ ਵੱਖ-ਵੱਖ ਧਰਨੇ ਲਈ ਬੈਠੇ ਹਨ ਪਰ ਫਿਰ ਵੀ ਉਹ ਇਕੱਠੇ ਹਨ । ਸਰਕਾਰ ਵਲੋਂ ਨਿਸ਼ਾਨੇ ’ਤੇ ਪੰਜਾਬ ਨੂੰ ਹੀ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਉਸਾਰੀ ਗਈ ਇਸ ਲਹਿਰ ਦੀ ਜਿੱਤ ਦਾ ਮਤਲਬ ਹੈ ਲੋਕਤੰਤਰ ਦੀ ਜਿੱਤ, ਸੰਵਿਧਾਨ ਦੀ ਜਿੱਤ ਅਤੇ ਲੋਕ ਪੱਖੀ ਨੀਤੀਆਂ ਦੀ ਜਿੱਤ ਹੈ ।
ਸਿੱਧੂ ਨੇ ਕਿਹਾ ਕਿ ਜੇ ਕੋਈ ਇਸ ਲਹਿਰ ਨੂੰ ਰਾਜਨੀਤਕ ਕਰ ਕੇ ਹੇਠਾਂ ਲੈ ਕੇ ਆਉਂਦਾ ਹੈ ਤਾਂ ਇਹ ਤਾਨਾਸ਼ਾਹ ਸਰਕਾਰ ਨੂੰ ਮਜ਼ਬੂਤ ਕਰਨ ਵਾਲਾ ਕਦਮ ਹੋਵੇਗਾ।