
ਕੇਂਦਰੀ ਮੰਤਰੀ ਨੇ ਦੇਸ਼ ਨੂੰ ਸਮਰਪਤ ਕੀਤਾ ਪਛਮੀ ਬੰਗਾਲ ਦਾ ਪਹਿਲਾ ਤੇਲ ਅਤੇ ਗੈਸ ਭੰਡਾਰ
ਕਿਹਾ, ਅਸ਼ੋਕਨਗਰ ਰਿਜ਼ਰਵ ਵਿਚ ਲੱਭਿਆ ਕੱਚਾ ਤੇਲ ਉੱਚ ਗੁਣਵੱਤਾ ਦਾ
ਅਸ਼ੋਕਨਗਰ (ਪਛਮੀ ਬੰਗਾਲ), 20 ਦਸੰਬਰ : ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਤਵਾਰ ਨੂੰ ਪਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿਚ ਇਕ ਤੇਲ ਅਤੇ ਗੈਸ ਉਤਪਾਦਨ ਖੇਤਰ ਦੇਸ਼ ਨੂੰ ਸਮਰਪਤ ਕੀਤਾ। ਇਹ ਰਾਜ ਵਿਚ ਪਹਿਲਾ ਤੇਲ ਅਤੇ ਗੈਸ ਭੰਡਾਰ ਹੈ।
ਪ੍ਰਧਾਨ ਨੇ ਦਸਿਆ ਕਿ ਕੋਲਕਾਤਾ ਤੋਂ ਲਗਭਗ 47 ਕਿਲੋਮੀਟਰ ਦੂਰ ਪੈਟਰੋਲੀਅਮ ਰਿਜ਼ਰਵ ਤੋਂ ਉਤਪਾਦਨ ਸ਼ੁਰੂ ਹੋ ਗਿਆ ਹੈ ਅਤੇ ਕੱਢਿਆ ਜਾ ਰਿਹਾ ਤੇਲ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੀ ਹਲਦੀਆ ਰਿਫ਼ਾਈਨਰੀ ਨੂੰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਇਸ ਪ੍ਰਾਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਅਸ਼ੋਕਨਗਰ ਤੇਲ ਅਤੇ ਗੈਸ ਰਿਜ਼ਰਵ ਤੋਂ ਉਤਪਾਦਨ ਸ਼ੁਰੂ ਹੋਣ ਨਾਲ ਪਛਮੀ ਬੰਗਾਲ ਵੀ ਉਨ੍ਹਾਂ ਰਾਜਾਂ ਵਿਚ ਸ਼ਾਮਲ ਹੋ ਗਿਆ ਹੈ ਜਿਥੇ ਤੇਲ ਕੱਢਿਆ ਜਾਂਦਾ ਹੈ।
ਸੂਬੇ ਵਿਚ ਤੇਲ ਅਤੇ ਗੈਸ ਦਾ ਪਹਿਲਾ ਭੰਡਾਰ 2018 ਵਿਚ ਲੱਭਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਹਾਨਦੀ-ਬੰਗਾਲ-ਅੰਡੇਮਾਨ (ਐਮ.ਬੀ.ਏ.) ਬੇਸਿਨ ਦੇ ਅਧੀਨ ਅਸ਼ੋਕਨਗਰ ਦਾ ਫੀਲਡ ਵਪਾਰਕ ਤੌਰ ਉੱਤੇ ਵਿਵਹਾਰਕ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੀ ਕੰਪਨੀ (ਪੀਐਸਯੂ) ਓਐਨਜੀਸੀ ਨੇ ਅਸ਼ੋਕਨਗਰ ਦੇ ਤੇਲ ਖੇਤਰ ਦੀ ਖੋਜ ਲਈ 3,381 ਕਰੋੜ ਰੁਪਏ ਖ਼ਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਓਪਨ ਏਕਿਏਜ ਲਾਇਸੈਂਸ ਨੀਤੀ (ਓ.ਐੱਲ.ਪੀ.) ਤਹਿਤ ਦੋ ਹੋਰ ਖੂਹਾਂ ਦੀ ਖੋਜ ਕਰੇਗੀ। ਮੰਤਰੀ ਨੇ ਕਿਹਾ ਕਿ ਅਸ਼ੋਕਨਗਰ ਰਿਜ਼ਰਵ ਵਿਚ ਲੱਭਿਆ ਗਿਆ ਕੱਚਾ ਤੇਲ ਉੱਚ ਗੁਣਵੱਤਾ ਦਾ ਹੈ। (ਪੀਟੀਆਈ)