
ਵਿਜੈਇੰਦਰ ਸਿੰਗਲਾ ਛਾਪਾਮਾਰੀ ਦਾ ਸ਼ਿਕਾਰ ਹੋਏ ਆੜ੍ਹਤੀਆਂ ਨੂੰ ਮਿਲੇ
ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਹਮੇਸ਼ਾਂ ਕਿਸਾਨਾਂ ਅਤੇ ਆੜ੍ਹਤੀਆਂ ਦੇ ਨਾਲ
ਪਟਿਆਲਾ, 20 ਦਸੰਬਰ (ਤੇਜਿੰਦਰ ਫ਼ਤਿਹਪੁਰ): ਪੰਜਾਬ ਦੇ ਸਕੂਲ ਸਿਖਿਆ ਤੇ ਲੋਕ ਨਿਰਮਾਣ ਮੰਤਰੀ, ਵਿਜੈ ਇੰਦਰ ਸਿੰਗਲਾ ਨੇ ਅੱਜ ਸਮਾਣਾ ਮੰਡੀ ਦੇ ਪ੍ਰਧਾਨ ਪਵਨ ਕੁਮਾਰ ਗੋਇਲ, ਜ਼ਿਲ੍ਹਾ ਪਟਿਆਲਾ ਦੇ ਆੜ੍ਹਤੀਆਂ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਰਾਜਪੁਰਾ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਤੇ ਰਾਜਪੁਰਾ ਦੇ ਆੜ੍ਹਤੀਆਂ ਕਰਤਾਰ ਸਿੰਘ, ਅਮਰੀਕ ਸਿੰਘ ਨੂੰ ਮਿਲ ਕੇ ਆਮਦਨ ਕਰ ਵਿਭਾਗ ਵਲੋਂ ਭਾਰੀ ਪੁਲਿਸ ਬਲ ਨਾਲ ਕਥਿਤ ਤੌਰ ਉਤੇ ਡਰਾਉਣ ਧਮਕਾਉਣ ਲਈ ਕੀਤੀ ਗਈ ਛਾਪੇ-ਮਾਰੀ ਵਿਰੁਧ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਸਿੰਗਲਾ ਨੇ ਦਸਿਆ ਕਿ ਉਨ੍ਹਾਂ ਵਲੋਂ ਕਲ ਵੀ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਦੇ ਪੀੜਤਾਂ, ਜਿਨਾਂ ਵਿਚ ਪੰਜਾਬ ਪ੍ਰਧਾਨ ਵਿਜੇ ਕਾਲੜਾ ਵੀ ਸ਼ਾਮਲ ਹਨ, ਨਾਲ ਮੀਟਿੰਗ ਕੀਤੀ ਗਈ ਸੀ। ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਉਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਪੰਜਾਬ ਭਰ ਵਿਚ ਆੜ੍ਹਤੀਆਂ ਉਤੇ ਕੀਤੀ ਜਾ ਰਹੀ ਛਾਪੇਮਾਰੀ, ਕਿਸਾਨਾਂ ਤੇ ਆੜ੍ਹਤੀਆਂ ਦੇ ਨਹੁੰ-ਮਾਸ ਦੇ ਰਿਸ਼ਤੇ ਨੂੰ ਖ਼ਤਮ ਕਰਨ ਵਿਚ ਕਾਮਯਾਬ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਿਖਰਾਂ ਉਤੇ ਪਹੁੰਚੇ ਕਿਸਾਨ ਅੰਦੋਲਨ ਤੋਂ ਘਬਰਾ ਕੇ ਗ਼ੈਰ ਰਾਜਸੀ ਪੈਂਤੜਿਆਂ ਉਤੇ ਉਤਰ ਆਈ ਹੈ। ਅੱਜ ਇਸ ਚੋਣਵੀਂ ਛਾਪੇਮਾਰੀ ਦੇ ਸ਼ਿਕਾਰ ਪਟਿਆਲਾ ਜ਼ਿਲ੍ਹੇ ਦੀਆਂ ਸਮਾਣਾ, ਪਟਿਆਲਾ ਅਤੇ ਰਾਜਪੁਰਾ ਮੰਡੀਆਂ ਦੇ ਆੜ੍ਹਤੀਆਂ ਦੇ ਆਗੂਆਂ ਨਾਲ ਮੀਟਿੰਗਾਂ ਦੌਰਾਨ ਜਿੱਥੇ ਉਨ੍ਹਾਂ ਨੇ ਆਮਦਨ ਕਰ ਵਿਭਾਗ ਦੀ ਇਸ ਦਬਾਅ ਦੀ ਨੀਤੀ ਅਧੀਨ ਕੀਤੀ ਛਾਪੇਮਾਰੀ ਦੀ ਆਲੋਚਨਾ ਕੀਤੀ, ਉੱਥੇ ਨਾਲ ਹੀ ਭਰੋਸਾ ਦਿਵਾਇਆ ਕਿ ਸਮੁੱਚੀ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ, ਇਸ ਮੁਸ਼ਕਿਲ ਦੀ ਘੜੀ ਚ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ।