
ਬੇਅਦਬੀ ਕਾਂਡ ਦੇ ਪੀੜਤ ਪ੍ਰਵਾਰਾਂ ਦੇ ਤਿੱਖੇ ਸਵਾਲਾਂ ਨੇ ਨਵਜੋਤ ਸਿੱਧੂ ਨੂੰ ਫਸਾਇਆ ਕਸੂਤਾ
ਕੋਟਕਪੂਰਾ, 20 ਦਸੰਬਰ (ਗੁਰਿੰਦਰ ਸਿੰਘ) : ਅੱਜ ਬਹਿਬਲ ਕਲਾਂ ਵਿਖੇ ਧਰਨੇ ’ਤੇ ਬੈਠੇ ਸ਼ਹੀਦ ਪ੍ਰਵਾਰਾਂ ਦਾ ਦੁੱਖ ਸੁਣਨ ਲਈ ਪੁੱਜੇ ਨਵਜੋਤ ਸਿੰਘ ਸਿੱਧੂ ਤੋਂ ਉੱਥੋਂ ਖਹਿੜਾ ਛੁਡਾਉਣਾ ਔਖਾ ਹੋ ਗਿਆ ਕਿਉਂਕਿ ਰੋਸ ਧਰਨੇ ’ਤੇ ਬੈਠੇ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਹੋਰ ਪੰਥਦਰਦੀਆਂ ਦੇ ਤਿੱਖੇ ਸਵਾਲਾਂ ਦਾ ਜਵਾਬ ਦੇਣ ਮੌਕੇ ਨਵਜੋਤ ਸਿੰਘ ਸਿੱਧੂ ਨੇ ਸਿਰਫ਼ ਐਨਾ ਹੀ ਕਹਿਣਾ ਮੁਨਾਸਬ ਸਮਝਿਆ ਕਿ ਮੈਂ ਤੁਹਾਡੇ ਧਰਨੇ ਦਾ ਸਮਰਥਨ ਕਰਦਾ ਹਾਂ ਤੇ ਤੁਹਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਵਲੋਂ 14 ਅਕਤੂਬਰ 2015 ਨੂੰ ਢਾਹੇ ਗਏ ਪੁਲਸੀਆ ਅਤਿਆਚਾਰ ਵਾਲੇ ਸਥਾਨ ’ਤੇ ਸ਼ੁਰੂ ਕੀਤੇ ਗਏ ਦਿਨ ਰਾਤ ਦੇ ਰੋਸ ਧਰਨੇ ਅਤੇ ਮੋਰਚੇ ਦੇ ਪੰਜਵੇਂ ਦਿਨ ਕਾਂਗਰਸ ਪ੍ਰਧਾਨ ਅਚਾਨਕ ਹਾਜ਼ਰੀ ਲਵਾਉਣ ਪੁੱਜੇ ਸਨ, ਆਦਤਨ ਉਨ੍ਹਾਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਮੀਡੀਏ ਅਤੇ ਖ਼ੁਫ਼ੀਆ ਵਿਭਾਗ ਸਮੇਤ ਸਮੁੱਚੇ ਪੁਲਿਸ ਪ੍ਰਸ਼ਾਸਨ ਨੂੰ ਵੀ ਉਥੇ ਪੁੱਜਣ ਦੀ ਪਹਿਲਾਂ ਭਿਣਕ ਤਕ ਨਾ ਪੈਣ ਦਿਤੀ। ਸੁਖਰਾਜ ਸਿੰਘ ਨਿਆਮੀਵਾਲਾ ਨੇ ਪੁੱਛਿਆ ਕਿ ਜਦੋਂ ਬੇਅਦਬੀ ਕਾਂਡ ਦੇ ਮੁੱਖ ਸਾਜ਼ਸ਼ਕਰਤਾ ਦੇ ਤੌਰ ’ਤੇ ਸੌਦਾ ਸਾਧ ਅਤੇ ਪ੍ਰੇਮੀਆਂ ਦਾ ਨਾਮ ਸਾਹਮਣੇ ਆ ਚੁੱਕਾ ਹੈ ਤਾਂ ਕਾਂਗਰਸੀ ਆਗੂ ਤੇ ਉਮੀਦਵਾਰ ਉਸ ਦੇ ਡੇਰੇ ਵੋਟਾਂ ਕਿਉਂ ਮੰਗਣ ਜਾਂਦੇ ਹਨ? ਤਾਂ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਸਹੀ ਜਵਾਬ ਦੇਣ ਦੀ ਬਜਾਇ ਅਪਣੇ ਕੈਮਰਾਮੈਨ ਨੂੰ ਆਖਿਆ ਕਿ ਇਹ ਸੱਚ ਦੀ ਆਵਾਜ਼ ਹੈ, ਇਸ ਨੂੰ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾ ਦਿਤਾ ਜਾਵੇ। ਉਂਜ ਬਿਨਾ ਕਿਸੇ ਦਾ ਨਾਮ ਲਿਆ ਕਾਂਗਰਸ ਪ੍ਰਧਾਨ ਨੇ ਅਪਣੀ ਹੀ ਪਾਰਟੀ ਦੇ ਕਈ ਆਗੂਆਂ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਬੇਅਦਬੀ ਕਾਂਡ ਦਾ ਇਨਸਾਫ਼ ਮੰਗਣ ਮੌਕੇ ਪੁਲਿਸ ਦੀ ਗੋਲੀ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਅਜੀਤ ਸਿੰਘ ਵਰਗੇ ਨੌਜਵਾਨ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਮਿਲਣੀ ਚਾਹੀਦੀ ਸੀ ਪਰ ਅੱਜ ਜਿਹੜੀਆਂ ਵੱਡੇ ਵੱਡੇ ਲੋਕਾਂ ਦੇ ਕਾਕਿਆਂ ਨੂੰ ਤਰਸ ਦੇ ਆਧਾਰ ’ਤੇ ਨੌਕਰੀਆਂ ਮਿਲ ਰਹੀਆਂ ਹਨ, ਉਸ ਨਾਲ ਪਾਰਟੀ ਦੀ ਸਥਿਤੀ ਹਾਸੋਹੀਣੀ ਹੋ ਰਹੀ ਹੈ।
ਸਿੱਧੂ ਨੂੰ ਪੁੱਛੇ ਗਏ ਸਖ਼ਤ ਸਵਾਲਾਂ ਵਿਚ ਕਈ ਅਜਿਹੇ ਸਵਾਲ ਵੀ ਸ਼ਾਮਲ ਹਨ, ਜਿਨ੍ਹਾਂ ਦਾ ਜਵਾਬ ਕਾਂਗਰਸ ਪ੍ਰਧਾਨ ਨੇ ਜਾਂ ਤਾਂ ਟਾਲਣ ਦੀ ਕੋਸ਼ਿਸ਼ ਕੀਤੀ ਤੇ ਜਾਂ ਗੋਲਮੋਲ ਜਵਾਬ ਦੇ ਕੇ ਬੁੱਤਾ ਸਾਰਿਆ। ਜਿਵੇਂ ਕਿ ਬੇਅਦਬੀ ਕਾਂਡ ਦੇ ਮੁੱਦੇ ’ਤੇ ਬਣੀ ਕਾਂਗਰਸ ਸਰਕਾਰ ਨੇ ਵੀ ਬਾਦਲ ਸਰਕਾਰ ਦੀ ਤਰ੍ਹਾਂ ਪੀੜਤਾਂ ਨੂੰ ਇਨਸਾਫ਼ ਕਿਉਂ ਨਾ ਦਿਵਾਇਆ? ਸਾਢੇ 4 ਸਾਲ ਕੈਪਟਨ ਸਰਕਾਰ ਅਤੇ ਢਾਈ ਮਹੀਨੇ ਤੋਂ ਜ਼ਿਆਦਾ ਸਮਾਂ ਚੰਨੀ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਾ ਦਿਵਾਈਆਂ? ਬੇਅਦਬੀ ਮਾਮਲਿਆਂ ਨਾਲ ਜੁੜੇ ਗੋਲੀਕਾਂਡ ਦੇ ਦੋਸ਼ੀ ਮੰਨੇ ਜਾਂਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਜ਼ਮਾਨਤਾਂ ਕਿਵੇਂ ਤੇ ਕਿਉਂ ਮਿਲੀਆਂ? ਦੋਸ਼ੀ ਵਜੋਂ ਨਾਮਜ਼ਦ ਪੁਲਿਸ ਅਧਿਕਾਰੀ ਅਪਣੀ ਨੌਕਰੀ ’ਤੇ ਬਹਾਲ ਕਿਵੇਂ ਕਿਉਂ ਹੋ ਗਏ? ਤੁਸੀ ਵਿਧਾਨ ਸਭਾ ਦੇ ਲਾਈਵ ਸੈਸ਼ਨ ਵਿਚ ਕੈਪਟਨ ਅਮਰਿੰਦਰ ਸਿੰਘ ਮੂਹਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਝੋਲੀ ਅੱਡੀ ਪਰ ਹੁਣ ਕਿਉਂ ਨਹੀਂ ਕਾਰਵਾਈ ਕਰਦੇ? ਜੇ ਸਮੇਂ ਦੀਆਂ ਸਰਕਾਰਾਂ ਅਤੇ ਪੁਲਿਸ ਦੋਸ਼ੀਆਂ ਵਿਰੁਧ ਕਾਰਵਾਈ ਨਹੀਂ ਕਰਦੀ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਿੱਖਾਂ ਵਲੋਂ ਦਿਤੀਆਂ ਜਾਂਦੀਆਂ ਸਜ਼ਾਵਾਂ ’ਤੇ ਇਤਰਾਜ਼ ਕਿਉਂ? ਭਾਵੇਂ ਪਹਿਲਾਂ ਵੀ ਦੋ ਵਾਰ ਕਾਂਗਰਸ ਪ੍ਰਧਾਨ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰਦਵਾਰਾ ਸਾਹਿਬ ਵਿਚ ਮੱਥਾ ਟੇਕ ਕੇ ਪਿੰਡ ਵਾਸੀਆਂ ਨੂੰ ਮਿਲਣ ਉਪਰੰਤ ਚਲੇ ਗਏ, ਪੱਤਰਕਾਰਾਂ ਅਤੇ ਖ਼ੁਫ਼ੀਆ ਵਿਭਾਗ ਨੂੰ ਭਿਣਕ ਤਕ ਨਾ ਪੈਣ ਦਿਤੀ ਪਰ ਅੱਜ ਅਚਾਨਕ ਪੀੜਤ ਪ੍ਰਵਾਰਾਂ ਦਾ ਦੁੱਖ ਵੰਡਾਉਣ ਲਈ ਆਏ ਨਵਜੋਤ ਸਿੰਘ ਸਿੱਧੂ ਨੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਮੈਂ ਤੁਹਾਡੇ ਨਾਲ ਹਾਂ, ਤਕ ਹੀ ਗੱਲ ਸੀਮਿਤ ਰੱਖ ਕੇ ਉੱਥੋਂ ਖਹਿੜਾ ਛੁਡਾਉਣ ਵਿਚ ਹੀ ਅਪਣੀ ਭਲਾਈ ਸਮਝੀ।