ਸੜਕ 'ਤੇ ਸਾਵਧਾਨ - ਪੰਜਾਬ 'ਚ ਸੜਕੀ ਹਾਦਸਿਆਂ ਅਤੇ ਮੌਤਾਂ ਦੀ ਗਿਣਤੀ ਚਿੰਤਾਜਨਕ
Published : Dec 21, 2022, 1:46 pm IST
Updated : Dec 21, 2022, 4:09 pm IST
SHARE ARTICLE
Image
Image

ਸੜਕ ਹਾਦਸਿਆਂ 'ਚ ਸੂਬੇ ਨੂੰ ਲਗਭਗ 49 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਹਰ ਰੋਜ਼

 

ਚੰਡੀਗੜ੍ਹ - ਪੰਜਾਬ ਨੂੰ ਹਰ ਰੋਜ਼ ਸੜਕ ਹਾਦਸਿਆਂ ਕਾਰਨ ਲਗਭਗ 50 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਇਹ ਤੱਥ ਸਰਕਾਰ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ।

ਕੱਲ੍ਹ ਜਾਰੀ ਕੀਤੀ ਗਈ ਪੰਜਾਬ ਸੜਕ ਦੁਰਘਟਨਾਵਾਂ ਅਤੇ ਟ੍ਰੈਫਿਕ ਰਿਪੋਰਟ-2021 ਅਨੁਸਾਰ ਪਿਛਲੇ ਸਾਲ 5,871 ਸੜਕ ਹਾਦਸਿਆਂ ਵਿੱਚ 4,589 ਜਾਨਾਂ ਗਈਆਂ, ਅਤੇ 2,032 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਸਮਾਜਿਕ-ਆਰਥਿਕ ਲਾਗਤ ਵਿਸ਼ਲੇਸ਼ਣ ਵਿੱਚ 2021 ਵਿੱਚ 17,851 ਕਰੋੜ ਰੁਪਏ ਦਾ ਘਾਟਾ ਸਾਹਮਣੇ ਆਇਆ। ਇਸ ਨੂੰ ਰੋਜ਼ਾਨਾ ਲਈਏ ਤਾਂ ਲਗਭਗ 49 ਕਰੋੜ ਰੁਪਏ ਪ੍ਰਤੀ ਦਿਨ ਬਣਦਾ ਹੈ। ਇਹ ਪਿਛਲੇ ਸਾਲ (2020) ਦੇ ਮੁਕਾਬਲੇ ਲਗਭਗ 15 ਫ਼ੀਸਦੀ ਜ਼ਿਆਦਾ ਹੈ, ਜਦੋਂ ਪੰਜਾਬ ਨੂੰ 15,176 ਕਰੋੜ ਰੁਪਏ ਦਾ ਘਾਟਾ ਪਿਆ ਸੀ।

ਸੂਬਾ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਨੇ ਕਿਹਾ ਕਿ ਮੌਤਾਂ, ਸੱਟਾਂ ਅਤੇ ਅਪਾਹਜਤਾ ਕਾਰਨ ਕੰਮ ਦੇ ਘੰਟਿਆਂ ਦੇ ਨੁਕਸਾਨ ਵਰਗੇ ਮਾਪਦੰਡਾਂ ਦੀ ਗਣਨਾ ਕਰਕੇ ਸਮਾਜਿਕ-ਆਰਥਿਕ ਲਾਗਤ ਦਾ ਪਤਾ ਲਗਾਇਆ ਗਿਆ। ਇਸ ਵਿੱਚ ਇਲਾਜ ਦੀ ਲਾਗਤ, ਉਤਪਾਦਕਤਾ ਦਾ ਨੁਕਸਾਨ ਅਤੇ ਸੰਭਾਵੀ ਆਮਦਨ ਦਾ ਨੁਕਸਾਨ ਵੀ ਸ਼ਾਮਲ ਹੈ।

ਹਾਦਸਿਆਂ ਦੇ ਕਾਰਨਾਂ ਬਾਰੇ ਵਿਸ਼ਲੇਸ਼ਣ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਸੜਕੀ ਹਾਦਸਿਆਂ ਤੇ ਮੌਤਾਂ ਦੇ ਮੁੱਖ ਕਾਰਨ ਓਵਰਸਪੀਡਿੰਗ ਅਤੇ ਗ਼ਲਤ ਪਾਸੇ ਗੱਡੀ ਚਲਾਉਣਾ  ਹਨ। 2021 ਵਿੱਚ, ਓਵਰਸਪੀਡਿੰਗ ਕਾਰਨ ਕੁੱਲ 3,276 ਲੋਕਾਂ ਦੀ ਮੌਤ ਹੋਈ, ਜਦ ਕਿ ਗ਼ਲਤ ਪਾਸੇ ਗੱਡੀ ਚਲਾਉਣ ਕਾਰਨ 522 ਮੌਤਾਂ ਹੋਈਆਂ।

ਉਮਰ ਵਰਗ ਦੀ ਗੱਲ ਕਰੀਏ, ਤਾਂ ਨੌਜਵਾਨਾਂ ਦੀਆਂ ਮੌਤਾਂ ਦੀ ਗਿਣਤੀ ਵੱਡੀ ਹੈ। ਉਮਰ ਦੇ ਹਿਸਾਬ ਨਾਲ, ਵੱਖ-ਵੱਖ ਘਾਤਕ ਸੜਕ ਹਾਦਸਿਆਂ ਵਿੱਚ ਸ਼ਾਮਲ 69 ਫ਼ੀਸਦੀ ਲੋਕ 18 ਤੋਂ 45 ਸਾਲ ਦੀ ਉਮਰ ਦੇ ਸਨ। ਜਿੱਥੋਂ ਤੱਕ ਹਾਦਸਿਆਂ ਦੇ ਸਮੇਂ ਦਾ ਸਬੰਧ ਹੈ, ਸਭ ਤੋਂ ਵੱਧ ਸੜਕ ਹਾਦਸਿਆਂ ਦੀ ਗਿਣਤੀ ਸ਼ਾਮ 6 ਵਜੇ ਅਤੇ 9 ਵਜੇ ਤੱਕ ਦਰਜ ਕੀਤੀ ਗਈ।

ਪੰਜਾਬ ਦੀ ਪ੍ਰਤੀ ਮਿਲੀਅਨ ਆਬਾਦੀ ਵਿੱਚ ਮੌਤਾਂ ਦੀ ਗਿਣਤੀ 144 ਸੀ। ਰੋਪੜ, ਐਸ.ਬੀ.ਐਸ. ਨਗਰ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ, ਘਾਤਕ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਸੂਬੇ ਦੀ ਔਸਤ ਨਾਲੋਂ ਲਗਭਗ 1.7 ਗੁਣਾ ਹੈ।

22 ਜ਼ਿਲ੍ਹਿਆਂ ਵਿੱਚੋਂ, 10 ਵਿੱਚ ਸੜਕੀ ਮੌਤਾਂ ਵਿੱਚ ਕਮੀ ਆਈ ਹੈ। ਜਲੰਧਰ ਜ਼ਿਲ੍ਹੇ ਦੀ ਰੈਂਕਿੰਗ 18ਵੇਂ ਤੋਂ 10ਵੇਂ ਅਤੇ ਲੁਧਿਆਣਾ 13ਵੇਂ ਤੋਂ 7ਵੇਂ ਸਥਾਨ 'ਤੇ ਪਹੁੰਚ ਗਈ ਹੈ।

ਵਿਸ਼ਲੇਸ਼ਣ ਵਿੱਚ ਦੇਖਿਆ ਗਿਆ ਕਿ ਅਕਤੂਬਰ ਅਤੇ ਨਵੰਬਰ ਵਿੱਚ ਸੜਕੀ ਮੌਤਾਂ ਵਿੱਚ ਕਮੀ ਦੇਖੀ ਗਈ ਜਦੋਂ ਕਿ ਪਿਛਲੇ ਸਾਲ ਦੇ ਮੁਕਾਬਲੇ ਹੋਰ ਮਹੀਨਿਆਂ ਵਿੱਚ ਵਾਧਾ ਦੇਖਿਆ ਗਿਆ।

ਸੜਕ ਹਾਦਸਿਆਂ ਵਿੱਚ ਵਾਧਾ

2021 ਵਿੱਚ, ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ 'ਚ ਪਿਛਲੇ ਸਾਲ ਦੇ ਮੁਕਾਬਲੇ 17.7% ਦਾ ਵਾਧਾ ਦੇਖਿਆ ਗਿਆ। ਦੇਸ਼ ਦੀ ਅੰਦਾਜ਼ਨ 2.29% ਆਬਾਦੀ ਪੰਜਾਬ ਵਿੱਚ ਰਹਿੰਦੀ ਹੈ, ਪਰ ਪਿਛਲੇ ਪੰਜ ਸਾਲਾਂ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਇਸ ਦਾ ਹਿੱਸਾ 2.8% ਤੋਂ 3.5% ਤੱਕ ਹੈ।


ਰੋਜ਼ਾਨਾ ਰਜਿਸਟਰਡ ਹੁੰਦੀਆਂ ਹਨ ਤਕਰੀਬਨ 375 ਨਵੀਆਂ ਕਾਰਾਂ 

ਪਿਛਲੇ ਸਾਲ ਪੰਜਾਬ ਵਿੱਚ ਰੋਜ਼ਾਨਾ ਔਸਤਨ 375 ਨਵੀਆਂ ਕਾਰਾਂ ਅਤੇ 982 ਦੋਪਹੀਆ ਵਾਹਨ ਰਜਿਸਟਰਡ ਹੋਏ ਸਨ। ਦਸੰਬਰ 2021 ਤੱਕ ਪੰਜਾਬ ਵਿੱਚ ਕੁੱਲ ਰਜਿਸਟਰਡ ਵਾਹਨ 1.21 ਕਰੋੜ ਸਨ। ਕੁੱਲ ਸੜਕੀ ਮੌਤਾਂ ਦੇ 72 ਫ਼ੀਸਦੀ ਹਾਦਸੇ ਰਾਸ਼ਟਰੀ ਅਤੇ ਸੂਬਾਈ ਮਾਰਗਾਂ 'ਤੇ ਹੋਏ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement