
ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 10 ਕਰੋੜ ਰੁਪਏ
ਫਿਰੋਜ਼ਪੁਰ: ਸੀਆਈਏ ਫਿਰੋਜ਼ਪੁਰ ਪੁਲਿਸ ਨੇ 10 ਕਰੋੜ ਦੀ ਅੰਤਰਰਾਸ਼ਟਰੀ ਕੀਮਤ ਦੀ 2 ਕਿਲੋ ਹੈਰੋਇਨ, 25 ਲੱਖ 5 ਹਜ਼ਾਰ ਦੀ ਡਰੱਗ ਮਨੀ ਅਤੇ ਸਮੱਗਲਰ ਗਿਰੋਹ ਦੇ 3 ਮੈਂਬਰ ਹਥਿਆਰਾਂ ਸਮੇਤ ਕਾਬੂ ਕੀਤੇ ਹਨ।
ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਦਿਆਂ ਸੀਆਈਏ ਸਟਾਫ਼ ਫਿਰੋਜ਼ਪੁਰ ਦੀ ਪੁਲਿਸ ਨੇ ਨਸ਼ਾ ਤਸਕਰਾਂ ਦੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ 2 ਕਿਲੋ ਹੈਰੋਇਨ ਸਮੇਤ 25 ਲੱਖ 5 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਹਥਿਆਰ ਬਰਾਮਦ ਕੀਤੇ ਹਨ।
ਚੈਕਿੰਗ ਦੌਰਾਨ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਬਾਰੇ ਗੁਪਤ ਸੂਚਨਾ ਮਿਲੀ ਜਿਸ ਦੇ ਅਧਾਰ ਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਗੁਰਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਹਾਤਮਾ ਨਗਰ ਧੌਲਾ ਭੈਣੀ ਜ਼ਿਲਾ ਫਾਜ਼ਿਲਕਾ, ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਜ਼ਿਲਾ ਮੋਗਾ ਅਤੇ ਵੰਸ਼ ਪੁੱਤਰ ਸਤਪਾਲ ਵਾਸੀ ਗਾਂਧੀਨਗਰ ਫਿਰੋਜ਼ਪੁਰ ਵਜੋਂ ਹੋਈ ਹੈ। ਇਹ ਗਿਰੋਹ ਵੱਡੇ ਪੱਧਰ 'ਤੇ ਹੈਰੋਇਨ ਦੀ ਤਸਕਰੀ ਕਰਦੇ ਹਨ ਅਤੇ ਆਪਣੇ ਕੋਲ ਨਾਜਾਇਜ਼ ਅਸਲਾ ਵੀ ਰੱਖਦੇ ਹਨ।
ਜ਼ਿਲ੍ਹਾ ਐਸਐਸਪੀ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਸੂਚਨਾ ਅਨੁਸਾਰ ਇਨ੍ਹਾਂ ਕਥਿਤ ਨਸ਼ਾ ਤਸਕਰਾਂ ਨੇ ਸਮਾਰਟ ਸਿਟੀ 3 ਕਲੋਨੀ ਵਿੱਚ ਲਵਪ੍ਰੀਤ ਸਿੰਘ ਉਰਫ ਲਵ ਦੇ ਘਰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਅੱਗੇ ਵੇਚਣ ਲਈ ਰੱਖੀ ਹੋਈ ਹੈ, ਇਸ ਗੁਪਤ ਸੂਚਨਾ ਦੇ ਆਧਾਰ ’ਤੇ ਤੁਰੰਤ ਸਬ-ਇੰਸਪੈਕਟਰ ਮੰਗਲ ਸਿੰਘ ਅਤੇ ਉਨ੍ਹਾਂ ਦੀ ਸੀ.ਆਈ.ਏ ਪੁਲਿਸ ਟੀਮ ਨੇ ਉਕਤ ਜਗ੍ਹਾ 'ਤੇ ਛਾਪੇਮਾਰੀ ਕੀਤੀ, ਜਿੱਥੇ ਤਲਾਸ਼ੀ ਦੌਰਾਨ 2 ਕਿਲੋ ਹੈਰੋਇਨ, 25 ਲੱਖ 5 ਹਜ਼ਾਰ ਦੀ ਡਰੱਗ ਮਨੀ, ਇਕ ਪਿਸਤੌਲ ਬਰਾਮਦ ਹੋਈ।
ਇਸ ਤੋਂ ਇਲਾਵਾ ਨਾਕਾਬੰਦੀ ਦੌਰਾਨ ਇਕ ਪਿਸਤੌਲ, 1 ਗਲੋਕ, ਮੈਗਜ਼ੀਨ ਸਮੇਤ 12 ਜ਼ਿੰਦਾ ਕਾਰਤੂਸ, ਇਕ ਆਈ-20 ਕਾਰ ਨੰਬਰ ਪੀ.ਬੀ.05 ਡੀ.ਐੱਫ./5300 ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪਾਕਿਸਤਾਨ ਤੋਂ ਲਿਆਂਦੀ ਗਈ ਹੈ। ਹੈਰੋਇਨ ਅਤੇ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਏ ਗਏ ਸਨ, ਉਨ੍ਹਾਂ ਕੋਲੋਂ ਨੋਟ ਕਾਊਂਟਿੰਗ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ।