
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਲਾਏ ਸਨ ਦੋਸ਼......
ਚੰਡੀਗੜ੍ਹ : ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਾਰਨ ਦਿਤੇ ਝਟਕੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਿਰੋਜ਼ਪੁਰ ਦੇ ਆਈ.ਜੀ. ਵਿਰੁਧ ਵੀ ਜਾਂਚ ਦੇ ਆਦੇਸ਼ ਦੇ ਦਿਤੇ ਹਨ। ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਫ਼ਿਰੋਜ਼ਪੁਰ ਦੇ ਆਈ.ਜੀ. ਵਿਰੁਧ ਲੱਗੇ ਦੋਸ਼ਾਂ ਦੀ ਜਾਂਚ ਦਾ ਕੰਮ ਏਡੀਜੀਪੀ ਈਸ਼ਵਰ ਚੰਦਰ ਨੂੰ ਸੌਂਪ ਦਿਤਾ ਹੈ। ਉਨ੍ਹਾਂ ਨੂੰ ਛੇਤੀ ਰੀਪੋਰਟ ਦੇਣ ਲਈ ਕਿਹਾ ਗਿਆ ਹੈ। ਦਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਫ਼ਿਰੋਜ਼ਪੁਰ ਵਿਖੇ ਸਰਪੰਚਾਂ ਨੂੰ ਸਹੁੰ ਚੁਕਾਉਣ ਦੇ ਸਮਾਗਮ ਵਿਚ ਸਟੇਜ 'ਤੇ ਕੁਲਬੀਰ ਸਿੰਘ ਜ਼ੀਰਾ
ਨੇ ਫ਼ਿਰੋਜ਼ਪੁਰ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਵਿਰੁਧ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਸੀ ਕਿ ਆਈਜੀ ਨਸ਼ਾ ਤਸਕਰਾਂ ਨਾਲ ਮਿਲਿਆ ਹੋਇਆ ਹੈ। ਸਟੇਜ ਤੋਂ ਉਤਰ ਕੇ ਉਹ ਸਮਾਗਮ ਦਾ ਬਾਈਕਾਟ ਕਰ ਗਏ ਸਨ। ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਹੇਠ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਸੀ। ਇਥੋਂ ਤਕ ਕਿ ਉਨ੍ਹਾਂ ਨੂੰ ਪਾਰਟੀ ਵਿਧਾਇਕਾਂ ਦੀ ਮੀਟਿੰਗ ਵਿਚ ਵੀ ਬੈਠਣ ਦੀ ਆਗਿਆ ਨਹੀਂ ਸੀ ਦਿਤੀ ਗਈ ਪਰ ਹੁਣ ਮੁੱਖ ਮੰਤਰੀ ਨੇ ਆਈ.ਜੀ. ਵਿਰੁਧ ਦਿਤੀਆਂ ਗਈਆਂ ਸ਼ਿਕਾਇਤਾਂ 'ਤੇ ਵੀ ਸਖ਼ਤ ਕਾਰਵਾਈ ਦਾ ਮਨ ਬਣਾਇਆ ਹੈ।