
ਕਿਸਾਨੀ ਸੰਘਰਸ਼ ਦੇ ਸਮਰਥਨ 'ਚ ਕੈਨੇਡਾ ਤੋਂ ਆਈ ਪੰਜਾਬ ਦੀ ਧੀ
ਨਵੀਂ ਦਿੱਲੀ, 22 ਜਨਵਰੀ (ਸੈਸਵ ਨਾਗਰਾ) : ਕੈਨੇਡਾ ਤੋਂ ਆਈ ਕਿਸਾਨ ਦੀ ਧੀ ਨੇ ਦਿੱਲੀ ਬਾਰਡਰ ਪਹੁੰਚ ਕੇ ਕਿਸਾਨਾਂ ਦੇ ਸਮਰਥਨ ਵਿਚ ਬੋਲਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਬਦੌਲਤ ਅਸੀ ਅੱਜ ਵਿਦੇਸ਼ਾਂ ਵਿਚ ਪੜ੍ਹ ਰਹੇ ਹਾਂ, ਉਨ੍ਹਾਂ ਕਿਸਾਨਾਂ ਨੂੰ ਹੀ ਸਰਕਾਰ ਖ਼ਤਮ ਕਰਨ 'ਤੇ ਤੁਲੀ ਹੋਈ ਹੈ | ਆਰਥਕ ਮੰਦਹਾਲੀ ਕਾਰਨ ਦੇਸ਼ ਦੇ ਕਿਸਾਨ ਪਹਿਲਾਂ ਹੀ ਖ਼ੁਦਕੁਸੀਆਂ ਕਰ ਰਹੇ ਹਨ | ਕੈਨੇਡਾ ਤੋਂ ਵਾਪਸ ਪਰਤੀ ਕਿਸਾਨ ਦੀ ਧੀ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਇਕ ਖ਼ੁਸ਼ਹਾਲ ਸੂਬਾ ਹੈ ਅਤੇ ਇਥੋਂ ਦੇ ਕਿਸਾਨ ਬਹੁਤ ਮਿਹਨਤੀ ਹਨ | ਉਨ੍ਹਾਂ ਦੀ ਮਿਹਨਤ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਵਿਚ ਚਲ ਰਹੇ ਹਨ | ਪਰ ਦੇਸ਼ ਦੇ ਮਿਹਨਤੀ ਕਿਸਾਨਾਂ ਦੀ ਕੇਂਦਰ ਸਰਕਾਰ ਨੇ ਮਦਦ ਤਾਂ ਕੀ ਕਰਨੀ ਸੀ ਉਲਟਾ ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਮੈਂ ਇਕ ਕਿਸਾਨ ਦੀ ਧੀ ਹਾਂ ਅਤੇ ਕੈਨੇਡਾ ਵਿਚ ਪੜ੍ਹਾਈ ਕਰ ਰਹੀ ਹਾਂ | ਮੈਨੂੰ ਲਗਿਆ ਕਿ ਮੈਂ ਵੀ ਕਿਸਾਨੀ ਸੰਘਰਸ਼ ਵਿਚ ਅਪਣਾ ਯੋਗਦਾਨ ਪਾਵਾਂ, ਇਸ ਲਈ ਮੈਂ ਅੰਦੋਲਨ ਵਿਚ ਸ਼ਾਮਲ ਹੋ ਕੇ ਅਪਣਾ ਫ਼ਰਜ਼ ਨਿਭਾਉਣ ਆਈ ਹਾਂ |
ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਪਰ ਮੋਦੀ ਸਰਕਾਰ ਕਾਲੇ ਕਾਨੂੰਨ ਬਣਾ ਕੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਕਿਸਾਨਾਂ ਵਿਰੁਧ ਬਣਾਏ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤਾਂ ਜੋ ਕੜਾਕੇ ਦੀ ਠੰਢ ਵਿਚ ਸੰਘਰਸ਼ ਕਰ ਰਹੇ ਕਿਸਾਨ ਅਪਣੇ ਘਰਾਂ ਨੂੰ ਸੁੱਖੀ-ਸਾਂਦੀ ਵਾਪਸ ਜਾ ਸਕਣ |
ਫ਼ੋਟੋ : ਕੈਨੇਡਾ ਧੀimage
ਕੈਨੇਡਾ ਤੋਂ ਆਈ ਧੀ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਈ |