
ਸਿਰਫ਼ ਦਿੱਲੀ ’ਚ ਹੀ ਨਹੀਂ ਪੰਜਾਬ ਵਿਚ ਵੀ ‘ਗੋਦੀ ਮੀਡੀਆ’ ਮੌਜੂਦ
ਸਪੋਕਸਮੈਨ ਦੇ ਆਰਟੀਕਲ ਦਿੱਲੀ ਵਿਚ ਕਿਸਾਨ ਵੀਰਾਂ ਲਈ ਬਣੇ ਖਿੱਚ ਦਾ ਕੇਂਦਰ
ਦਿੱਲੀ, ਸੰਗਰੂਰ, 21 ਜਨਵਰੀ (ਬਲਵਿੰਦਰ ਸਿੰਘ ਭੁੱਲਰ) : ਆਜ਼ਾਦ ਭਾਰਤ ਰਾਜ 67 ਵਰਿ੍ਹਆਂ ਦਾ ਹੋ ਗਿਆ ਹੈ ਦੂਸਰੇ ਸ਼ਬਦਾਂ ਵਿਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਸਠਿਆ ਗਿਆ ਹੈ। ਵਿਧਾਨ ਸਭਾਵਾਂ ਰਾਜ ਸਭਾਵਾਂ ਅਤੇ ਲੋਕ ਸਭਾ ਵਿਚ ਨਿਤ ਨਵੇਂ ਕਲੇਸ਼ ਵੇਖਣ ਨੂੰ ਮਿਲਦੇ ਹਨ। ਮਿਰਚਾਂ ਅਤੇ ਕਿਰਚਾਂ ਦਾ ਸਭਿਆਚਾਰ ਸੰਸਦ ਵਿਚ ਵੇਖਣ ਨੂੰ ਮਿਲਦਾ ਹੈ। ਮੌਜੂਦਾ ਮੈਂਬਰ ਅਪਣੇ ਜੀਉਂਦੇ ਜੀਅ ਅਪਣੇ ਪਰਵਾਰ ਦੇ ਵਾਰਸਾਂ ਨੂੰ ਗੱਦੀਆਂ ਉਪਰ ਬਿਠਾਉਣ ਲਈ ਹਰ ਸੰਭਵ-ਅਸੰਭਵ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਰਾਜਨੀਤੀ ਮੋਟੇ ਮੁਨਾਫੇ ਦਾ ਧੰਦਾ ਬਣ ਗਈ ਹੈ। ਸੋ ਪੰਜਾਬ ਦੇ ਲੋਕ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਲੋਕ ਇਨ੍ਹਾਂ ਰਵਾਇਤੀ ਰਾਜਨੀਤਕ ਪਾਰਟੀਆਂ ਤੋਂ ਪ੍ਰੇਸ਼ਾਨ ਹੋਏ ਪਏ ਹਨ। ਹਜ਼ਾਰਾਂ ਮਨੁੱਖੀ ਕੁਰਬਾਨੀਆਂ ਦੇਣ ਤੋਂ ਬਾਅਦ ਭਾਰਤ ਆਜ਼ਾਦ ਹੋਇਆ ਪਰ ਇਥੇ ਲੋਕਾਂ ਨੂੰ ਹੁਣ ਤਕ ਮਨਪਸੰਦ ਅਤੇ ਮਨਭਾਉਂਦੀ ਸਰਕਾਰ ਨਸੀਬ ਨਹੀਂ ਹੋਈ। ਤਬਦੀਲੀ ਦੇ ਸਿਧਾਂਤ ਅਨੁਸਾਰ ਕਿਸਨ ਯੂਨੀਅਨ ਵਿਚੋਂ ਲੋਕਾਂ ਨੂੰ ਆਸ ਦੀ ਇਕ ਕਿਰਨ ਨਜ਼ਰ ਆਈ ਹੈ ਪਰ ਇਨ੍ਹਾਂ ਆਗੂਆਂ ਵਲੋਂ ਵੀ ਅਜੇ ਕਾਫ਼ੀ ਕੁੱਝ ਕਰਨਾ ਬਾਕੀ ਹੈ। ਲੋਕਾਂ ਦੀਆਂ ਆਸਾਂ ਅਤੇ ਉਮੰਗਾਂ ਤੇ ਖਰਾ ਉਤਰਨਾ ਏਨਾ ਆਸਾਨ ਕਾਰਜ ਨਹੀਂ ਹੁੰਦਾ ਪਰ ਸੰਭਾਵਨਾਵਾਂ ਹਮੇਸ਼ਾ ਮੌਜੂਦ ਰਹਿੰਦੀਆਂ ਹਨ।