
ਪੀੜਤ ਦੇ ਇਲਾਜ ’ਚ ਹੋਈ ਦੇਰੀ ਸਬੰਧੀ ਸਿਹਤ ਮੰਤਰੀ ਨੇ ਮੰਗੀ ਰੀਪੋਰਟ
ਚੰਡੀਗੜ੍ਹ, 21 ਜਨਵਰੀ (ਸੱਤੀ) : ਐਸ.ਐਮ.ਓ ਡਾ. ਚੇਤਨਾ ਅਤੇ ਸਿਵਲ ਹਸਪਤਾਲ ਦੇ ਮੈਡੀਕਲ ਅਧਿਕਾਰੀਆਂ ਵਲੋਂ ਜਬਰ-ਜਨਾਹ ਪੀੜਤ ਲੜਕੀ ਦੇ ਇਲਾਜ ਵਿਚ ਕੀਤੀ ਲਾਪ੍ਰਵਾਹੀ ਵਾਲੀ ਘਟਨਾ ’ਤੇ ਸਖਤੀ ਨਾਲ ਕਾਰਵਾਈ ਕਰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਸਿਵਲ ਸਰਜਨ ਗੁਰਦਾਸਪੁਰ ਨੂੰ 3 ਦਿਨਾਂ ਵਿਚ ਇਸ ਸਬੰਧੀ ਰਿਪੋਰਟ ਜਮ੍ਹਾਂ ਕਰਵਾਉਣ ਲਈ ਹਦਾਇਤ ਕੀਤੀ ਹੈ। ਪੰਜਾਬ ਭਵਨ ਵਿਖੇ ਸਿਵਲ ਸਰਜਨਜ਼ ਰੀਵੀਊ ਮੀਟਿੰਗ ਦੀ ਅਗਵਾਈ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਹਸਪਤਾਲਾਂ ਵਿਚ ਬਲਾਤਕਾਰ ਦੇ ਕੇਸਾਂ ਦੀ ਜਾਂਚ ਵਿਚ ਅਧਿਕਾਰ ਖੇਤਰ ਦੀਆਂ ਸੀਮਾਵਾਂ ਨਹੀਂ ਹੁੰਦੀਆਂ ਹਨ ਅਤੇ ਹਸਪਤਾਲ ਵਿਚ ਆਈ ਕਿਸੇ ਵੀ ਪੀੜਤ ਨੂੰ ਤੁਰਤ ਇਲਾਜ ਸੇਵਾਵਾਂ ਮੁਹਈਆ ਕਰਾਉਣ ਦੀ ਜ਼ਿੰਮੇਵਾਰੀ ਮੈਡੀਕਲ ਅਫ਼ਸਰ ਦੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਗੰਭੀਰ ਘਟਨਾਵਾਂ ਵਿਚ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣਾ ਵੀ ਸਿਵਲ ਸਰਜਨ ਦੀ ਜ਼ਿੰੰਮੇਵਾਰੀ ਹੈ।
ਮੰਤਰੀ ਨੇ ਇਹ ਵੀ ਭਰੋਸਾ ਦਿਤਾ ਕਿ ਸਿਵਲ ਸਰਜਨ ਵਲੋਂ ਪੇਸ਼ ਕੀਤੀ ਜਾਣ ਵਾਲੀ ਰੀਪੋਰਟ ਦੇ ਆਧਾਰ ’ਤੇ ਦੋਸ਼ੀ ਅਧਿਕਾਰੀਆਂ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।