
ਦਿੱਲੀ ਧਰਨੇ ’ਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਨੂੰ ਨਾ ਦਬਾਏ ਪੰਜਾਬ ਸਰਕਾਰ : ਮੀਤ ਹੇਅਰ
ਚੰਡੀਗੜ੍ਹ, 21 ਜਨਵਰੀ (ਸੁਰਜੀਤ ਸਿੰਘ ਸੱਤੀ) : ਪੰਜਾਬ ਸਰਕਾਰ ਵਲੋਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਮਨਰੇਗਾ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਅੰਮਿ੍ਰਤਪਾਲ ਸਿੰਘ ਨੂੰ ਕੁਝ ਦਿਨ ਪਹਿਲਾਂ ਨੌਕਰੀ ਤੋਂ ਬਰਖ਼ਾਸਤ ਕਰਨ ’ਤੇ ‘ਆਪ’ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਉਸ ਦਾ ਕਸੂਰ ਸਿਰਫ ਇਹ ਸੀ ਕਿ ਕਿਸਾਨ ਪ੍ਰਵਾਰ ਨਾਲ ਸਬੰਧਤ ਹੋਣ ਕਾਰਨ ਉਹ ਦਿੱਲੀ ਵਿਖੇ ਕਿਸਾਨ ਧਰਨੇ ਵਿਚ ਸ਼ਾਮਲ ਹੋਇਆ ਸੀ। ਹੇਅਰ ਨੇ ਕਿਹਾ ਕਿ ਮੁਲਾਜ਼ਮ ਜਥੇਬੰਦੀਆਂ ਦੇ ਮੈਂਬਰ ਜਦੋਂ ਵੱਡੀ ਗਿਣਤੀ ਵਿਚ ਬਰਖ਼ਾਸਤਗੀ ਵਿਰੁਧ ਡੀਸੀ ਦਫ਼ਤਰ ਬਾਹਰ ਧਰਨੇ ਉੱਤੇ ਬੈਠੇ ਤਾਂ ਇਹ ਮਾਮਲਾ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤੋਂ ਪਤਾ ਲਗਦਾ ਹੈ ਕਿ ਕੈਪਟਨ ਨੇ ਕਿਸਾਨ ਅੰਦੋਲਨ ਦੇ ਸਮਰਥਕਾਂ ਦੀ ਆਵਾਜ਼ ਦਬਾਉਣ ਲਈ ਅਪਣੇ ਅਧਿਕਾਰੀਆਂ ਨੂੰ ਛੋਟ ਦੇ ਦਿਤੀ ਹੈ। ਆਖਰ ਕਿਸ ਦੇ ਇਸ਼ਾਰੇ ਉਤੇ ਇਹ ਅਧਿਕਾਰੀ ਅੰਦੋਲਨ ਵਿਚ ਸ਼ਾਮਲ ਹੋਣ ਵਾਲੇ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਰਹੇ ਹਨ? ‘ਆਪ’ ਆਗੂ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬਰਖ਼ਾਸਤ ਕੀਤੇ ਗਏ ਕਰਮਚਾਰੀ ਨੂੰ ਪ੍ਰਸ਼ਾਸਨ ਨੇ ਛੇਤੀ ਬਹਾਲ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਕੈਪਟਨ ਦੇ ਘਰ ਦਾ ਘਿਰਾਉ ਕਰੇਗੀ।