
ਲਾਲਚੀ ਏਜੰਟਾਂ ਵਲੋਂ ਅਰਬ ਦੇਸ਼ਾਂ ਵਿਚ ਵੇਚੀਆਂ ਬਦਕਿਸਮਤ 12 ਧੀਆਂ ਮਾਪਿਆਂ ਦੀ ਝੋੋਲੀ ਪਾਈਆਂ
ਮਾਪੇ ਪੂਰੀ ਜਾਂਚ ਪੜਤਾਲ ਕਰਨ ਉਪਰੰਤ ਹੀ ਅਪਣੇ ਬੱਚਿਆਂ ਨੂੰ ਵਿਦੇਸ਼ ਭੇਜਣ : ਡਾ.ਓਬਰਾਏ
ਅੰਮਿ੍ਤਸਰ, 22 ਜਨਵਰੀ (ਅਮਨਦੀਪ ਸਿੰਘ ਕੱਕੜ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਦਿਆਂ, ਭਾਰਤ ਤੋਂ ਰੋਜ਼ੀ ਰੋਟੀ ਕਮਾਉਣ ਦੁਬਈ ਗਈਆਂ ਅਤੇ ਉੱਥੇ ਗ਼ੁਲਾਮ ਬਣਾ ਦਿੱਤੀਆਂ ਗਈਆਂ 12 ਬੇਵੱਸ ਲੜਕੀਆਂ ਦੇ ਸਿਰਾਂ 'ਤੇ ਹੱਥ ਰੱਖਦਿਆਂ ਆਪਣੀ ਜੇਬ 'ਚੋਂ ਲੱਖਾਂ ਰੁਪਏ ਖ਼ਰਚ ਕੇ ਉਨ੍ਹਾਂ 'ਚੋਂ 11 ਨੂੰ ਸੁਰੱਖਿਅਤ ਵਾਪਿਸ ਵਤਨ ਪੁੱਜਦਾ ਕੀਤਾ ਹੈ |
ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀਆਂ ਇਹ ਧੀਆਂ ਜਦੋਂ ਹਵਾਈ ਅੱਡੇ 'ਤੇ ਅਰਸੇ ਬਾਅਦ ਮੁੜ ਆਪਣੇ ਮਾਪਿਆਂ ਦੇ ਗਲ਼ ਲੱਗ ਰੋਈਆਂ ਤਾਂ ਇੱਕ ਵਾਰ ਇੰਜ ਜਾਪਿਆ ਜਿਵੇਂ ਸਮਾਂ ਰੁਕ ਗਿਆ ਹੋਵੇ | ਉੱਥੇ ਮੌਜੂਦ ਹਰ ਅੱਖ ਨਮ ਸੀ | ਇਹਨਾਂ 11 ਲੜਕੀਆਂ ਵਿੱਚੋਂ ਤਿੰਨ ਲੜਕੀਆਂ 20 ਜਨਵਰੀ ਨੂੰ ਜਹਾਜ਼ ਰਾਹੀਂ ਕੋਲਕਾਤਾ ਅਤੇ ਪਟਨਾ ਸਥਿਤ ਆਪਣੇ ਘਰਾਂ 'ਚ ਪੁੱਜ ਗਈਆਂ ਸਨ ਜਦ ਕਿ ਪੰਜਾਬ ਨਾਲ ਸਬੰਧਿਤ ਬਾਕੀ 9 ਵਿੱਚੋਂ 8 ਲੜਕੀਆਂ ਅੱਜ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਦੁਬਈ 'ਤੋਂ ਆਈ ਉਡਾਣ ਰਾਹੀਂ ਸੁਰੱਖਿਅਤ ਵਾਪਸ ਆਪਣੇ ਮਾਪਿਆਂ ਕੋਲ ਪੁੱਜ ਗਈਆਂ ਹਨ ਜਦ ਕਿ ਇਕ ਲੜਕੀ ਅਚਾਨਕ ਆਈ ਸਿਹਤ ਸਮੱਸਿਆ ਕਾਰਨ ਕੁੱਝ ਦਿਨ ਬਾਅਦ ਪਹੁੰਚੇਗੀ |
ਇਸ ਦੌਰਾਨ ਹਵਾਈ ਅੱਡੇ 'ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ. ਸਿੰਘ ਓਬਰਾਏ ਨੇ ਖ਼ੁਦ ਇਨ੍ਹਾਂ ਲੜਕੀਆਂ ਦਾ ਸਵਾਗਤ ਕੀਤਾ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਥਿਕ ਮਜਬੂਰੀਆਂ ਕਾਰਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਬਹੁਤ ਸਾਰੇ ਮਾਪੇ ਲਾਲਚੀ ਏਜੰਟਾਂ ਦੇ ਚੁੰਗਲ 'ਚ ਫਸ ਕੇ ਆਪਣੀਆਂ ਮਾਸੂਮ ਧੀਆਂ ਨੂੰ ਅਰਬ ਦੇਸ਼ਾਂ ਵਿਚ ਨੌਕਰੀ ਲਈ ਭੇਜ ਦਿੰਦੇ ਹਨ ਪਰ ਬਦਕਿਸਮਤੀ ਨਾਲ ਉੱਥੇ ਜਾ ਕੇ ਉਕਤ ਲਾਲਚੀ ਏਜੰਟਾਂ ਵੱਲੋਂ ਲੜਕੀਆਂ ਨੂੰ ਜ਼ਿਮੀਂਦਾਰਾਂ ਜਾਂ ਹੋਰ ਕਾਰੋਬਾਰੀਆਂ ਕੋਲ ਵੇਚ ਦਿੱਤਾ ਜਾਂਦਾ ਹੈ ਜੋ ਆਪਣੇ ਕੋਲੋਂ ਪੈਸਾ ਖਰਚ ਕਰ ਕੇ ਇਨ੍ਹਾਂ ਲੜਕੀਆਂ ਨੂੰ ਲੀਗਲ ਕਰਾਉਣ ਉਪਰੰਤ ਇਨ੍ਹਾਂ ਕੋਲੋਂ ਲੋੜ ਤੋਂ ਵਧੇਰੇ ਕੰਮ ਲੈਂਦੇ ਹਨ | ਜਿਸ ਕਾਰਨ ਬਹੁਤ ਸਾਰੀਆਂ ਲੜਕੀਆਂ ਦੀ ਸਿਹਤ ਵੀ ਖ਼ਰਾਬ ਹੋ ਜਾਂਦੀ ਹੈ ਪਰ ਇਨ੍ਹਾਂ ਲਈ ਉੱਥੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਅਜਿਹੀਆਂ ਬਹੁਤ ਸਾਰੀਆਂ ਲੜਕੀਆਂ ਮਸਕਟ, ਸ਼ਾਰਜਾਹਰਾਸਲਖੇਮੇ ਅਤੇ ਦੁਬਈ ਅੰਦਰ ਫਸੀਆਂ ਹੋਈਆਂ ਹਨ ਜੋ ਆਪਣੇ ਖ਼ਰੀਦਾਰਾਂ ਕੋਲੋਂ ਬਹੁਤ ਤੰਗ ਹਨ ਅਤੇ ਉਥੋਂ ਹਰ ਹਾਲਤ ਛੁੱਟ ਕੇ ਆਪਣੇ ਘਰ ਵਾਪਸ ਆਉਣਾ ਚਾਹੁੰਦੀਆਂ ਹਨ | ਡਾ.ਓਬਰਾਏ ਨੇ ਦੱਸਿਆ ਕਿ ਅੱਜ ਪੁੱਜੀਆਂ ਲੜਕੀਆਂ ਨੇ ਉਨ੍ਹਾਂ ਨੂੰ ਫੋਨ ਤੇ ਰੋਂਦਿਆਂ ਆਪਣੇ ਮਾੜੇ ਹਾਲਾਤ ਬਾਰੇ ਦੱਸ ਕੇ ਵਾਪਸ ਭਾਰਤ ਭੇਜਣ ਲਈ ਬੇਨਤੀ ਕੀਤੀ ਸੀ,ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਇਨ੍ਹਾਂ ਲੜਕੀਆਂ ਦੇ ਖ਼ਰੀਦਾਰਾਂ ਨੂੰ ਆਪਣੇ ਪੱਲਿਉਾ ਇਨ੍ਹਾਂ ਦੇ ਬਣਦੇ ਪੈਸੇ ਵਾਪਸ ਕਰਨ ਤੋਂ ਇਲਾਵਾ ਇੰਮੀਗ੍ਰੇਸ਼ਨ ਤੇ ਓਵਰ ਸਟੇਅ ਆਦਿ ਦੇ ਹੋਰ ਖਰਚੇ ਭਰਨ ਦੇ ਨਾਲ-ਨਾਲ ਵਾਪਸ ਲੈ ਕੇ ਆਉਣ ਲਈ ਹਵਾਈ ਟਿਕਟਾਂ ਦਾ ਵੀ ਪ੍ਰਬੰਧ ਕੀਤਾ ਹੈ |ਡਾ.ਓਬਰਾਏ ਨੇ ਇੱਕ ਵਾਰ ਮੁੜ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਹੀ ਆਪਣੀਆਂ ਧੀਆਂ ਨੂੰ ਵਿਦੇਸ਼ ਭੇਜਣ ਤਾਂ ਜੋ ਬਾਅਦ 'ਚ ਪਛਤਾਉਣਾ ਨਾ ਪਵੇ | ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਜੇਕਰ ਕੋਈ ਆਪਣੇ ਬੱਚੇ ਨੂੰ ਅਰਬ ਦੇਸ਼ਾਂ ਵਿੱਚ ਭੇਜ ਹੀ ਰਿਹਾ ਹੈ ਤਾਂ ਉਹ ਸਰਬੱਤ ਦਾ ਭਲਾ ਟਰੱਸਟ ਦੇ ਹਰ ਜ਼ਿਲ੍ਹੇ 'ਚ ਮੌਜੂਦ ਦਫ਼ਤਰ ਤੋਂ ਸਬੰਧਿਤ ਕੰਪਨੀ ਜਾਂ ਉਸਦੇ ਕੰਮਕਾਰ ਬਾਰੇ ਪੁੱਛ-ਗਿੱਛ ਕਰ ਸਕਦਾ ਹੈ | ਏਸੇ ਦੌਰਾਨ ਦੁਬਈ ਤੋਂ ਵਾਪਸ ਪਰਤੀਆਂ ਲੜਕੀਆਂ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਥੇ ਉਨ੍ਹਾਂ ਦੇ ਜੋ ਹਾਲਾਤ ਸਨ, ਉਹ ਜਾਂ ਤਾਂ ਰੱਬ ਜਾਣਦਾ ਹੈ ਤੇ ਜਾਂ ਖ਼ੁਦ ਉਹ | ਉਨ੍ਹਾਂ ਕਿਹਾ ਕਿ ਡਾ.ਐੱਸ.ਪੀ. ਸਿੰਘ ਓਬਰਾਏ ਉਨ੍ਹਾਂ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ, ਜਿਨ੍ਹਾਂ ਨੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕੇ ਉਨ੍ਹਾਂ ਨੂੰ ਨਰਕ 'ਚੋਂ ਕੱਢ ਅੱਜ ਮੁੜ ਮਾਪਿਆਂ ਦੀ ਝੋਲੀ ਪਾ ਦਿੱਤਾ ਹੈ |ਇਸ ਦੌਰਾਨ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸੰਧੂ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ,ਵਿੱਤ ਸਕੱਤਰ ਨਵਜੀਤ ਘਈ ਵੀ ਮੌਜੂਦ ਸਨ |ਹੁਣ ਤੱਕ ਭਾਰਤ ਪਹੁੰਚੀਆਂ ਲੜਕੀਆਂ ਦੀ ਸੂਚੀ :- 1. ਦਲਜੀਤ ਕੌਰ ਪੁੱਤਰੀ ਬੂਟਾ ਸਿੰਘ ਵਾਸੀ ਪਿੰਡ ਜਲਾਲਪੁਰ, ਜਿਲ੍ਹਾ ਐੱਸ. ਬੀ.ਐੱਸ.ਨਗਰ |2.ਸਰਬਜੀਤ ਕੌਰ ਪੁੱਤਰੀ ਕਾਬਲ ਸਿੰਘ ਪਿੰਡ ਚੱਕ ਸਿੰਘਾ,ਤਹਿਸੀਲ ਗੜ੍ਹਸ਼ੰਕਰ,ਜਿਲ੍ਹਾ ਐੱਸ.ਬੀ.ਐੱਸ. ਨਗਰ |3.ਰਵੀਨਾ ਰਾਣੀ ਪੁੱਤਰੀ ਪ੍ਰਦੀਪ ਕੁਮਾਰ ਪਿੰਡ ਰਾਏਪੁਰ ਰਸੂਲਪੁਰ, ਜ਼ਿਲ੍ਹਾ ਜਲੰਧਰ |4.ਬੱਬਲੀ ਕੁਮਾਰੀ ਪੁੱਤਰੀ ਗੁਲਜਾਰ ਸਿੰਘ ਗਵਾਲ ਮੰਡੀ,ਅੰਮਿ੍ਤਸਰ |5.ਸੁਰਜੀਤ ਕੌਰ ਪੁੱਤਰੀ ਨਿਰਮਲ ਸਿੰਘ ਮੁਕੇਰੀਆਂ,ਜਿਲ੍ਹਾ ਹੁਸ਼ਿਆਰਪੁਰ |6.ਅੰਮਿ੍ਤਪਾਲ ਕੌਰ ਪੁੱਤਰੀ ਬਲਵੀਰ ਸਿੰਘ ਪਿੰਡ ਸ਼ੇਖੂਪੁਰਾ,ਜ਼ਿਲਾ ਲੁਧਿਆਣਾ | 7.ਰਣਜੀਤ ਕੌਰ ਪੁੱਤਰੀ ਸ਼ਿੰਗਾਰਾ ਸਿੰਘ ਸ਼ਿਵ ਕਲੋਨੀ ਮਹਿਤਾਬਗੜ੍ਹ ਕਪੂਰਥਲਾ |8.ਮਨਦੀਪ ਕੌਰ ਪੁੱਤਰੀ ਜੈਮਲ ਸਿੰਘ ਪਿੰਡ ਪਿਓਰੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ |9.ਜਾਬਿਰਾ ਖ਼ਾਤੂਨ ਪੁੱਤਰੀ ਐਮ.ਡੀ.ਹਾਸਿਮ (ਬਿਹਾਰ) |10.ਰੁਕਮਨੀ ਖਾਇਰਾ ਪੁੱਤਰੀ ਸਾਨਿਚਰ ਖਾਇਰਾimage (ਵੈਸਟ ਬੰਗਾਲ)11.ਬੇਗਮ ਸੰਜੂ (ਕਲਕੱਤਾ) |
ਫ਼ੋਟੋ ਕੈਪਸ਼ਨ- ਦੁਬਈ ਤੋਂ ਛੁਡਾ ਕੇ ਭਾਰਤ ਲਿਆਂਦੀਆਂ ਲੜਕੀਆਂ ਨਾਲ ਡਾ. ਐੱਸ.ਪੀ.ਸਿੰਘ ਓਬਰਾਏ,ਸੁਖਜਿੰਦਰ ਹੇਰ,ਸੁਖਦੀਪ ਸਿੱਧੂ,ਮਨਪ੍ਰੀਤ ਸੰਧੂ ਤੇ ਹੋਰ |