ਪੰਜ ਸਿੰਘਾਂ ਨੇ ਵਿਰਸਾ ਸਿੰਘ ਵਲਟੋਹਾ ਵਲੋਂ ਦੋਸ਼ ਲਗਾਏ ਜਾਣ ਤੋਂ ਬਾਅਦ ਕੀਤੀ ਸਵਾਲਾਂ ਨਾਲ ਘੇਰਾਬੰਦੀ
Published : Jan 22, 2024, 8:39 pm IST
Updated : Jan 23, 2024, 9:33 am IST
SHARE ARTICLE
Panj Singhs
Panj Singhs

ਪੰਥ ਵਿਰੋਧੀਆਂ ਦੇ ਇਸ਼ਾਰੇ ’ਤੇ ਧਾਰਮਕ ਸਖਸ਼ੀਅਤਾਂ ਦੀ ਕਿਰਦਾਰਕੁਸ਼ੀ ਕਰਨ ਦਾ ਦੋਸ਼ ਲਾਇਆ

ਅੰਮ੍ਰਿਤਸਰ: ਗੁਰਮੀਤ ਰਾਮ ਰਹੀਮ ਨੂੰ ਬਿਨ ਮੰਗੀ ਮੁਆਫ਼ੀ ਦਾ ਵਿਰੋਧ ਕਰਨ ਕਰ ਕੇ ਬਰਖਾਸਤ ਪੰਜ ਸਿੰਘਾਂ ਨੇ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ, ਬੇਤੁਕਾ ਅਤੇ ਥੋਥਾ ਦਸਦੇ ਹੋਏ ਇਨ੍ਹਾਂ ਦਾ ਖੰਡਨ ਕੀਤਾ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਝੀਆਂ, ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਕਿਹਾ ਆਚਾਰ ਅਤੇ ਪੰਥਕ ਸਦਾਚਾਰ ਤੋਂ ਵਾਂਝੇ ਵਿਰਸਾ ਸਿੰਘ ਵਲਟੋਹਾ ਬੇਲਗਾਮ ਹੋ ਕੇ ਅਕਾਲੀ ਦਲ ਦਾ ਹੋਰ ਨੁਕਸਾਨ ਕਰਨ ਲਈ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ, ‘‘ਵਲਟੋਹਾ ਸਾਡੇ ’ਤੇ ਇਲਜ਼ਾਮ ਲਗਾ ਰਹੇ ਹਨ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਵਾਜ਼ ਨਹੀਂ ਚੁੱਕੀ ਜੋ ਬਿਲਕੁਲ ਗ਼ਲਤ ਹੈ।’’

ਉਨ੍ਹਾਂ ਕਿਹਾ, ‘‘2017 ਦੀ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਈ ਮੇਜਰ ਸਿੰਘ ਦੇ ਘਰ ਮਿਲਣ ਆਇਆ ਸੀ ਅਤੇ ਅਸੀ ਉਸ ਨੂੰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਲਈ ਕਿਹਾ ਸੀ। ਅਸੀਂ ਕੇਜਰੀਵਾਲ ਦਾ ਕਦੀ ਵੀ ਸਮਰਥਨ ਨਹੀਂ ਕੀਤਾ ਅਤੇ ਨਾ ਹੀ ਕਦੀ ਕਰਾਂਗੇ ਕਿਉਂਕਿ ਉਹ ਪੰਥਕ ਹਿਤਾਂ ਦੀ ਰਾਖੀ ਨਹੀਂ ਕਰ ਸਕਦਾ। ਹਾਂ ਅਸੀਂ ਇਸ ਵਿਚਾਰਧਾਰਾ ਦੇ ਹਮੇਸ਼ਾ ਮੁੱਦਈ ਰਹੇ ਹਾਂ ਕਿ ਗੁਰਸਿੱਖਾਂ ਨੂੰ ਜਿਤਾਇਆ ਜਾਵੇ ਤਾਂ ਜੋ ਪੰਜਾਬ ਤੇ ਪੰਥ ਦਾ ਭਲਾ ਹੋ ਸਕੇ।’’

ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਵਿਚ ਸਿਆਸੀ ਪੈਰ ਧਰਾਈ ਪਿੱਛੇ ਵਿਰਸਾ ਸਿੰਘ ਦੇ ਆਕਾਵਾਂ ਵਲੋਂ ਕੀਤੇ ਪੰਥਕ ਗੁਨਾਹ ਅਤੇ ਆਰ.ਐਸ.ਐਸ. ਨਾਲ ਰਲ ਕੇ ਗੁਰਮਤਿ ਸਿਧਾਂਤਾਂ ਦੀ ਧੱਜੀਆਂ ਉਡਾਉਣਾ ਅਤੇ ਸਿੱਖ ਸੰਸਥਾਵਾਂ ਦਾ ਨਿੱਜੀ ਹਿਤਾਂ ਲਈ ਵਰਤਣਾ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਹਰ ਪੰਥਕ ਮੰਚ ’ਚ ਸ਼ਾਮਲ ਹੋਏ ਹਾਂ ਚਾਹੇ ਉਹ ਬਰਗਾੜੀ ਮੋਰਚਾ, ਕੌਮੀ ਇਨਸਾਫ਼ ਮੋਰਚਾ, ਧਰਨੇ, ਮਾਰਚ ਜਾਂ ਗਵਾਲੀਅਰ ਵਿੱਖੇ ਬੰਦੀ ਛੋੜ ਦਾਤੇ ਦੇ ਚਰਣਾ ਵਿਚ ਅਰਦਾਸ ਸਮਾਗਮ ਹੋਵੇ।’’

ਪੰਜਾਂ ਸਿੰਘਾਂ ਨੇ ਵਿਰਸਾ ਸਿੰਘ ਵਲਟੋਹਾ ਨੂੰ ਪਲਟ ਸਵਾਲ ਕਰਦਿਆਂ ਕਿਹਾ, ‘‘ਭਾਈ ਗੁਰਮੁਖ ਸਿੰਘ ਦੇ ਖੁਲਾਸੇ ਤੋਂ ਬਾਅਦ ਕਿ ਬਾਦਲਾਂ ਨੇ ਜਥੇਦਾਰਾਂ ਨੂੰ ਅਪਣੀ ਕੋਠੀ ਸੱਦ ਕੇ ਰਾਮ ਰਹੀਮ ਨੂੰ ਮੁਆਫ਼ ਕਰਨ ਲਈ ਕਿਹਾ ਸੀ ਉਦੋਂ ਉਹ ਕਿਉਂ ਨਹੀਂ ਬੋਲੇ? ਕੀ ਉਹ ਦੱਸ ਸਕਦੇ ਹਨ ਕਿ ਬਾਦਲਾਂ ਦੇ ਜਥੇਦਾਰਾਂ ਨੇ ਰਾਮ ਰਹੀਮ ਨੂੰ ਮੁਆਫ਼ੀ ਕਿਸ ਬੁਨਿਆਦ ’ਤੇ ਦਿਤੀ ਸੀ ਤੇ ਉਸ ਨੂੰ ਜਾਇਜ਼ ਸਾਬਿਤ ਕਰਨ ਲਈ ਗੁਰੂ ਦੀ ਗੋਲਕ ’ਚੋਂ 90 ਲੱਖ ਦਾ ਨਾਜਾਇਜ਼ ਖ਼ਰਚਾ ਇਸ਼ਤਿਹਾਰਾਂ ’ਤੇ ਕਿਉਂ ਖਰਚ ਕੀਤਾ ਸੀ? ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਪੰਜ ਸਿੰਘਾਂ ਨੂੰ ਪੰਥਕ ਮਰਿਯਾਦਾ ਦੀ ਪਹਿਰੇਦਾਰੀ ਕਰਦੇ ਹੋਏ ਜਦ ਬਾਦਲ ਪਰਵਾਰ ਦੇ ਹੁਕਮ ਨਾਲ ਨੌਕਰੀ ਤੋਂ ਕੱਢ ਦਿਤਾ ਗਿਆ ਸੀ ਉਸ ਵੇਲੇ ਵਿਰਸਾ ਸਿੰਘ ਅਕਾਲ ਤਖ਼ਤ ਸਾਹਿਬ ਨਾਲ ਖੜਾ ਸੀ ਜਾਂ ਬਾਦਲਾਂ ਦੇ ਪੈਰਾਂ ’ਚ ਬੈਠਾ ਸੀ?’’

ਉਨ੍ਹਾਂ ਦੋਸ਼ ਲਗਾਇਆ ਕਿ ਵਿਰਸਾ ਸਿੰਘ ਪੰਥ ਵਿਰੋਧੀਆਂ ਦੇ ਇਸ਼ਾਰੇ ’ਤੇ ਧਾਰਮਕ ਸਖਸ਼ੀਅਤਾਂ ਦੀ ਕਿਰਦਾਰਕੁਸ਼ੀ ਕਰ ਕੇ ਸਿੱਖ ਭਾਈਚਾਰੇ ਦਾ ਨੁਕਸਾਨ ਕਰਨ ਦਾ ਵੱਡਾ ਗੁਨਾਹ ਕਰ ਰਿਹਾ ਹੈ ਅਤੇ ਉਸ ਦਾ ਮੰਤਵ ਅਪਣੇ ਨਜ਼ਦੀਕੀ ਰਹੇ ਸਵਰਨ ਸਿੰਘ ਘੋਟਣੇ ਵਲੋਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਦੇ ਮਸਲੇ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ।

ਪੰਜ ਸਿੰਘਾਂ ਨੇ ਸੰਗਤ ਦੀ ਆਵਾਜ਼ ਦਾ ਹਵਾਲਾ ਦਿੰਦੇ ਹੋਏ ਵਿਰਸਾ ਸਿੰਘ ਵਲਟੋਹਾ ਨੂੰ ਸਵਾਲ ਕੀਤਾ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲਿਆਂ ਦੀ ਸੋਚ ’ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲਾ ਬਾਦਲਾਂ ਦੀ ਸੋਚ ਦਾ ਪਹਿਰੇਦਾਰ ਕਿਵੇਂ ਬਣ ਗਿਆ ਜਦਕਿ ਇਨ੍ਹਾਂ ਦੋਨਾਂ ’ਚ ਕੋਈ ਆਪਸੀ ਮੇਲ ਨਹੀਂ ਹੈ?

ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਪੰਜਾਬ ’ਚ ਅਪਣਾ ਸਿਆਸੀ ਆਧਾਰ ਗਵਾਉਣ ਕਾਰਨ ਕੇਵਲ ਤਿੰਨ ਸੀਟਾਂ ’ਤੇ ਸੀਮਤ ਹੋਣ ਦੇ ਬਾਵਜੂਦ ਅਕਾਲੀ ਦਲ ਦਾ ਬੁਲਾਰਾ ਵਲਟੋਹਾ ਜ਼ਰੂਰਤ ਤੋਂ ਵੱਧ ਜ਼ੁਬਾਨ ਚਲਾ ਕੇ ਸਿੱਖ ਸਿਆਸਤ ਨੂੰ ਅੱਗੇ ਤੋਰਨ ਦੀ ਥਾਂ ਪਿੱਛੇ ਨੂੰ ਖਿੱਚ ਰਿਹਾ ਹੈ ਜਿਸ ਦੇ ਬਾਰੇ ਸੁਹਿਰਦ ਪੰਥਕ ਸਿਆਸਤਦਾਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ।

ਸਿੰਘਾਂ ਨੇ ਵਿਰਸਾ ਸਿੰਘ ਨੂੰ ਸਵਾਲ ਕੀਤਾ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਪਿਤਾ ਬਲਵੰਤ ਸਿੰਘ, ਮਾਸੜ ਮਨਜੀਤ ਸਿੰਘ ਅਤੇ ਪਾਣੀਆਂ ਦੇ ਰਾਖੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਵਾਰ ਅਤੇ ਹਜ਼ਾਰਾਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਅਤੇ ਭਾਈ ਅਨੋਖ ਸਿੰਘ ਬੱਬਰ ਦੇ ਕਾਤਲ ਅਜਹਾਰ ਆਲਮ ਨੂੰ ਬਾਦਲਾਂ ਨੇ ਤਰੱਕੀਆਂ ਕਿਉਂ ਦਿਤੀਆਂ ਸੀ? ਉਨ੍ਹਾਂ ਕਿਹਾ, ‘‘ਵਿਰਸਾ ਸਿੰਘ ਵਲਟੋਹਾ ਪੰਥ ਨੂੰ ਇਹ ਵੀ ਦੱਸੇ ਕਿ ਅੰਮ੍ਰਿਤਸਰ ’ਚ 1978 ਬਾਦਲ ਸਰਕਾਰ ਵੇਲੇ ਅਤੇ ਨਕੋਦਰ 1986 ’ਚ ਬਰਨਾਲਾ ਸਰਕਾਰ ਵੇਲੇ ਕ੍ਰਮਵਾਰ 13 ਅਤੇ 4 ਸਿੰਘਾਂ ਨੂੰ ਸ਼ਹੀਦ ਕਰਨ ਲਈ ਜ਼ਿੰਮੇਵਾਰ ਕੌਣ ਸੀ? ਵਿਰਸਾ ਸਿੰਘ ਦਾ ਇਹ ਵੀ ਦਸਣਾ ਬਣਦਾ ਹੈ 1986 ਦੇ ਨਕੋਦਰ ਗੋਲੀਕਾਂਡ ਦੇ ਜੁੰਮੇਵਾਰ ਡੀ.ਸੀ. ਦਰਬਾਰਾ ਸਿੰਘ ਨੂੰ ਅਕਾਲੀ ਦਲ ਨੇ ਚੋਣ ਕਿਉਂ ਲੜਾਈ ਸੀ ਅਤੇ ਐਸ.ਐਸ.ਪੀ. ਅਜਹਾਰ ਆਲਮ ਦੀ ਪਤਨੀ ਨੂੰ ਅਕਾਲੀ ਦਲ ’ਚ ਅਹਿਮ ਅਹੁਦਾ ਕਿ ਦਿਤਾ ਸੀ?’’

ਉਨ੍ਹਾਂ ਅੱਗੇ ਕਿਹਾ, ‘‘ਵਿਰਸਾ ਸਿੰਘ ਵਲਟੋਹਾ ਪੰਥ ਨੂੰ ਇਹ ਜ਼ਰੂਰ ਦੱਸੇ ਕਿ ਭਾਜਪਾ ਨਾਲ ਭਾਈਵਾਲੀ ਸਮੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਨਰਿੰਦਰ ਮੋਦੀ ਸਮੇਂ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕਰਵਾਈ ਸੀ ਅਤੇ ਪੰਜਾਬ ਵਿਚ ਝੂਠੇ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਫ਼ਸਰਾਂ ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ ਸੀ? ਦੋ ਵਾਰ ਵਿਧਾਇਕ ਰਹੇ ਵਿਰਸਾ ਸਿੰਘ ਇਹ ਵੀ ਦੱਸਣ ਕਿ ਉਸ ਨੇ ਵਿਧਾਨ ਸਭਾ ਵਿਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਿਉਂ ਨਹੀਂ ਸੀ ਉਠਾਇਆ?’’

ਉਨ੍ਹਾਂ ਵਿਰਸਾ ਸਿੰਘ ਨੂੰ ਇਹ ਵੀ ਸਵਾਲ ਕੀਤਾ ਕਿ ਉਹ ਦੱਸੇ ਕਿ ਪੁਲਿਸ ਦੇ ਉੱਚ ਅਧਿਕਾਰੀ ਓ.ਪੀ. ਸ਼ਰਮਾ, ਇਕਬਾਲ ਸਿੰਘ ਲਾਲਪੁਰਾ, ਅਜਹਾਰ ਆਲਮ, ਸਵਰਨ ਘੋਟਣੇ ਨਾਲ ਉਸ ਦੇ ਗੁਪਤ ਸੰਬੰਧਾਂ ਕਿਹੋ ਜਹੇ ਸਨ? ਕੀ ਇਹ ਦੱਸ ਸਕਦਾ ਹੈ ਕਿ ਦਿੱਲੀ ਦੇ ਮਨਚੰਦਾ ਕਤਲ ਕੇਸ ’ਚ ਇਸ ਦੀ ਜ਼ਮਾਨਤ ਕਿਸਨੇ ਦਿਤੀ ਸੀ ਤੇ ਅੱਜ ਇਸ ਦੀ ਵਫਾਦਾਰੀ ਉਨ੍ਹਾਂ ਪ੍ਰਤੀ ਕਿਤਨੀ ਹੈ?’’

ਪੰਜ ਸਿੰਘਾਂ ਨੇ ਕਿਹਾ, ‘‘ਅਸੀਂ ਭਰਾਮਾਰੂ ਸ਼ਬਦੀ ਜੰਗ ਦੀ ਸਿਆਸਤ ਵਿਚ ਵਿਸ਼ਵਾਸ ਨਹੀਂ ਰਖਦੇ ਪਰ ਜਦ ਹਾਰੇ ਅਤੇ ਨਕਾਰੇ ਸਿਆਸਤਦਾਨ ਬੇਲੋੜੀ ਕਿਰਦਾਰਕੁਸ਼ੀ ਦੇ ਯਤਨ ਕਰਨ ਤਾਂ ਪੰਥਕ ਹਿਤਾਂ ਦੀ ਰਾਖੀ ਕਰਨ ਲਈ ਜਵਾਬ ਦੇਣੇ ਮਜਬੂਰੀ ਬਣ ਜਾਂਦੀ ਹੈ।’’

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement