ਐਫ.ਆਈ.ਆਰ. ਦਰਜ ਕਰਨ ਲਈ ਡੀਸੀ ਨੂੰ ਲਿਖਿਆ ਗਿਆ ਹੈ: ਏਟੀਪੀ
ਪਠਾਨਕੋਟ: ਸ਼ਾਂਤ ਬਿਹਾਰ ਕਲੋਨੀ ਵਿੱਚ ਨਗਰ ਨਿਗਮ ਵੱਲੋਂ ਨਾਜਾਇਜ਼ ਕਲੋਨੀ ਘੋਸ਼ਿਤ ਕਰਕੇ ਸੀਲ ਕੀਤਾ ਗਿਆ ਸੀ, ਜਿਸ ਦੇ ਬਾਵਜੂਦ ਕਲੋਨੀ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ, ਜਦੋਂ ਨਗਰ ਨਿਗਮ ਦੇ ਕਰਮਚਾਰੀ ਕੰਮ ਬੰਦ ਕਰਵਾਉਣ ਪਹੁੰਚੇ, ਤਾਂ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਠਾਨਕੋਟ ਵਿੱਚ ਕਈ ਥਾਈਂ ਨਜਾਇਜ਼ ਕਲੋਨੀ ਉਸਾਰੀਆਂ ਕੀਤੀਆਂ ਗਈਆਂ ਹਨ ਅਤੇ ਨਗਰ ਨਿਗਮ ਵੱਲੋਂ ਇਨ੍ਹਾਂ ਕਲੋਨੀਆਂ ਨੂੰ ਸੀਲ ਕਰਕੇ ਕੰਮ ਵੀ ਬੰਦ ਕਰਵਾ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਕਈ ਕਲੋਨੀਆਂ ਵਾਲੇ ਉੱਥੇ ਧੜਾ ਧੜ ਕੰਮ ਚਲਾ ਰਹੇ ਹਨ, ਜਿਸ ਦੇ ਚਲਦੇ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਉੱਤੇ ਵੀ ਲੋਕ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ।
ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸ਼ਾਂਤ ਬਿਹਾਰ ਕਲੋਨੀ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਨਗਰ ਨਿਗਮ ਵੱਲੋਂ ਸੀਲ ਕੀਤੀ ਗਈ ਕਲੋਨੀ ਵਿੱਚ ਕੰਮ ਚੱਲ ਰਿਹਾ ਸੀ, ਇਸ ਸਬੰਧ ਵਿੱਚ ਜਦੋਂ ਨਗਰ ਨਿਗਮ ਦੇ ਏਟੀਪੀ ਨਰੇਸ਼ ਨਾਲ ਗੱਲ ਕੀਤੀ ਗਈ, ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਕਲੋਨੀ ਵਿੱਚ ਕੰਮ ਚੱਲ ਰਿਹਾ ਹੈ, ਜਦ ਕਿ ਨਗਰ ਨਿਗਮ ਵੱਲੋਂ ਇਸ ਕਲੋਨੀ ਨੂੰ ਸੀਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕਲੋਨੀ ਵਿੱਚ ਚੱਲ ਰਹੇ ਕੰਮ ਬੰਦ ਕਰਵਾਉਣ ਲਈ ਉਹਨਾਂ ਵੱਲੋਂ ਮੁਲਾਜ਼ਮ ਭੇਜੇ ਗਏ, ਪਰ ਮੁਲਾਜ਼ਮਾਂ ਨਾਲ ਵੀ ਕਲੋਨੀ ਵਾਲਿਆਂ ਨੇ ਦੁਰਵਿਹਾਰ ਕੀਤਾ। ਜਿਸ ਦੇ ਚਲਦੇ ਨਜਾਇਜ਼ ਕਲੋਨੀ ਉਸਾਰੀ ਕਰਨ ਵਾਲੇ ਦੇ ਖਿਲਾਫ ਕਮਿਸ਼ਨਰ ਨੂੰ ਐਫ ਆਈ ਆਰ ਦਰਜ ਕਰਨ ਲਈ ਕਿਹਾ ਗਿਆ ਹੈ।
