
ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਦੋ ਕਾਂਗਰਸੀ ਚੇਅਰਮੈਨਾਂ ਨੂੰ ਪਾਰਟੀ ਵਿਚੋਂ ਕਢਿਆ
ਟਾਂਗਰਾ, 21 ਫ਼ਰਵਰੀ (ਸੁਰਜੀਤ ਸਿੰਘ ਖ਼ਾਲਸਾ) : ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਬੰਡਾਲਾ ਦੇ ਵਸਨੀਕ ਭੁਪਿੰਦਰ ਸਿੰਘ ਰੰਧਾਵਾ ਮਿਲਕਫੈਡ ਅੰਮ੍ਰਿਤਸਰ ਦੇ ਚੇਅਰਮਨ ਅਤੇ ਪਿੰਡ ਰਾਏਪੁਰ ਕਲਾਂ ਦੇ ਇੰਦਰਜੀਤ ਸਿੰਘ ਐਸ.ਸੀ. ਸੈੱਲ ਚੇਅਰਮੈਨ ਅੰਮ੍ਰਿਤਸਰ ਨੂੰ ਚੋਣਾਂ ਦੌਰਾਨ ਪਾਰਟੀ ਵਿਰੋਧੀ ਕਾਰਵਾਈਆਂ ਦਾ ਦੋਸ਼ ਲਗਾ ਕੇ ਮਿਤੀ 17 ਫ਼ਰਵਰੀ ਨੂੰ ਸ੍ਰੀ ਹਰੀਸ਼ ਚੌਧਰੀ ਆਲ ਇੰਡੀਆ ਕਾਂਗਰਸ ਕਮੇਟੀ ਇੰਚਾਰਜ ਪੰਜਾਬ ਅਤੇ ਚੰਡੀਗੜ੍ਹ ਦੇ ਦਸਖਤਾਂ ਹੇਠ ਜਾਰੀ ਕੀਤੇ ਪੱਤਰ ਦੁਆਰਾ ਇੰਨਾਂ ਦੋਹਾਂ ਆਗੂਆਂ ਨੂੰ ਕਾਂਗਰਸ
ਪਾਰਟੀ ਵਿਚੋਂ ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਪੱਤਰ ਕਾਂਗਰਸ ਪਾਰਟੀ ਜੰਡਿਆਲਾ ਗੁਰੂ ਦੇ ਵਟਸਐਪ ਗਰੁੱਪ ਵਿਚ ਪਾਇਆ ਗਿਆ ਹੈ।
ਇਸ ਸਬੰਧੀ ਪੱਤਰਕਾਰ ਵਲੋਂ ਚੇਅਰਮੈਨ ਮਿਲਕਫ਼ੈੱਡ ਅੰਮ੍ਰਿਤਸਰ ਸ. ਭੁਪਿੰਦਰ ਸਿੰਘ ਬੰਡਾਲਾ ਦੇ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਮੇਰੇ ਸੱਜਣਾਂ-ਮਿਤਰਾਂ ਵਲੋਂ ਇਸ ਦੀ ਜਾਣਕਾਰੀ ਦਿਤੀ ਗਈ ਹੈ ਤਾਂ ਮੈਨੂੰ ਖ਼ੁਦ ਨੂੰ ਵੀ ਹੈਰਾਨਗੀ ਹੋਈ ਹੈ ਕਿ ਮੈਂ ਸਾਰੇ ਹਲਕਿਆਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਲਈ ਦਿਨ-ਰਾਤ ਕੰਮ ਕਰ ਰਿਹਾ ਹਾਂ। ਮੈਨੂੰ ਕੋਈ ਪੱਤਰ ਜਾਰੀ ਕਰ ਕੇ ਮੇਰਾ ਪੱਖ ਵੀ ਨਹੀਂ ਪੁਛਿਆ ਗਿਆ। ਇਸ ਪੱਤਰ ਦੇ ਉਪਰ 17 ਫ਼ਰਵਰੀ ਤਰੀਕ ਪਈ ਹੋਈ ਹੈ। ਕਲ 20 ਫ਼ਰਵਰੀ ਨੂੰ ਚੋਣ ਅਮਲ ਪੂਰਾ ਹੋਣ ਤੋਂ ਬਾਅਦ ਅੱਜ 21 ਤਰੀਕ ਨੂੰ ਇਹ ਪੱਤਰ ਸੋਸ਼ਲ ਮੀਡੀਏ ’ਤੇ ਪਾਇਆ ਗਿਆ ਹੈ। ਮੈਂ ਇਸ ਸਬੰਧੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਗੱਲ ਕਰਾਂਗਾ।
ਇੰਦਰਜੀਤ ਸਿੰਘ ਰਾਏਪੁਰ ਚੈਅਰਮੈਨ ਐਸ.ਸੀ. ਸੈਲ ਅੰਮ੍ਰਿਤਸਰ ਨਾਲ ਫ਼ੋਨ ’ਤੇ ਪੱਤਰਕਾਰ ਵਲੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੀ ਦੁਬਾਰਾ ਸਰਕਾਰ ਬਣਾਉਣ ਲਈ ਦਿਨ-ਰਾਤ ਇਕ ਕਰ ਕੇ ਕੰਮ ਕੀਤਾ। ਪਰ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਲੋਕਾਂ ਦੇ ਨਾਲ ਸੰਪਰਕ ਨਹੀਂ ਰਖਿਆ ਜਿਸ ਕਾਰਨ ਉਸ ਦੀ ਪਿੰਡਾਂ ਵਿਚ ਵਿਰੋਧਤਾ ਹੋਈ ਹੈ ਪਰ ਉਹ ਅਪਣੀ ਹਾਰ ਲਈ ਸਾਨੂੰ ਜ਼ਿੰਮੇਵਾਰ ਠਹਿਰਾ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਗੁਮਰਾਹ ਕਰ ਰਿਹਾ ਹੈ ਇਹ ਪਹਿਲੀਵਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਜਦੋਂ ਕਿਸੇ ਦਾ ਪੱਖ ਜਾਨਣ ਤੋਂ ਬਗ਼ੈਰ ਬਿਨਾਂ ਕਿਸੇ ਨੋਟਿਸ ਦੇ ਇਕ 17 ਫ਼ਰਵਰੀ ਨੂੰ ਜਾਰੀ ਪੱਤਰ ਦੁਆਰਾ ਕੀਤੀ ਕਾਰਵਾਈ ਦੀ ਜਾਣਕਾਰੀ ਵੀ ਸਾਨੂੰ 21 ਫਰਵਰੀ ਨੂੰ ਸ਼ੋਸ਼ਲ ਮੀਡੀਏ ਦੁਆਰਾ ਹੀ ਮਿਲ ਰਹੀ ਹੈ।
ਇਸ ਸਬੰਧੀ ਕਾਂਗਰਸ ਪਾਰਟੀ ਦੀ ਪੰਜਾਬ ਦੀ ਸਾਰੀ ਲੀਡਰਸ਼ਿਪ ਦੇ ਇਸ ਸਬੰਧੀ ਧਿਆਨ ਵਿਚ ਲਿਆ ਕੇ ਅਪਣਾ ਪੱਖ ਸ਼ਪਸ਼ਟ ਕਰਾਂਗੇ।
ਫੋਟੋ ਕੈਪਸ਼ਨ-1 ਭਪਿੰਦਰ ਸਿੰਘ ਰੰਧਾਵਾ ਚੇਅਰਮੈਨ ਮਿਲਕਫੈਡ ਅੰਮ੍ਰਿਤਸਰ,
2 ਇੰਦਰਜੀਤ ਸਿੰਘ ਰਾਏਪੁਰ ਚੇਅਰਮੈਨ ਐਸ ਸੀ ਸੈਲ ਅੰਮ੍ਰਿਤਸਰ।ਅਤੇ ਪੱਤਰਾਂ ਦੀਆਂ ਕਾਪੀਆਂ।