
ਇਨ੍ਹਾਂ ਨੌਜਵਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅਪਣੇ ਪਿਤਾ ਸਿਰ ਚੜ੍ਹੇ ਕਰਜ਼ੇ ਤੋਂ ਲੈ ਕੇ ਅਪਣੀ ਉਪਜ ਲਈ ਲੋੜੀਂਦੀ ਮਾਤਰਾ ਨਾ ਮਿਲਣ ਤਕ ਕਈ ਤਰ੍ਹਾਂ ਦੇ ਹਾਲਾਤ ਦੇਖੇ ਹਨ
Farmers Protest 2024: ਪੰਜਾਬ ਅਤੇ ਹਰਿਆਣਾ ਦਰਮਿਆਨ ਭਾਰੀ ਸੁਰੱਖਿਆ ਵਾਲੀ ਸ਼ੰਭੂ ਹੱਦ 'ਤੇ ਡੇਰਾ ਲਾਉਣ ਵਾਲੇ ਪੰਜਾਬ ਦੇ ਕਿਸਾਨ ਪਰਵਾਰਾਂ ਦੇ ਪੜ੍ਹੇ-ਲਿਖੇ ਨੌਜਵਾਨਾਂ ਕੋਲ ਹਰਿਆਣਾ ਪੁਲਿਸ ਵਲੋਂ ਛੱਡੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਦਾ ਸਾਹਮਣਾ ਕਰਨ ਦੇ ਕਈ ਕਾਰਨ ਹਨ। ਇਕ ਨਿੱਜੀ ਅਖ਼ਬਾਰ ਨਾਲ ਗੱਲ ਕਰਦਿਆਂ ਇਨ੍ਹਾਂ ਨੌਜਵਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅਪਣੇ ਪਿਤਾ ਸਿਰ ਚੜ੍ਹੇ ਕਰਜ਼ੇ ਤੋਂ ਲੈ ਕੇ ਅਪਣੀ ਉਪਜ ਲਈ ਲੋੜੀਂਦੀ ਮਾਤਰਾ ਨਾ ਮਿਲਣ ਤਕ ਕਈ ਤਰ੍ਹਾਂ ਦੇ ਹਾਲਾਤ ਦੇਖੇ ਹਨ।
ਹੁਸ਼ਿਆਰਪੁਰ ਦੇ ਇਕ ਪਿੰਡ ਦੇ ਰਹਿਣ ਵਾਲੇ ਕਿਸਾਨ ਗੁਰਪਿੰਦਰ ਸਿੰਘ (26) ਨੇ ਦਸਿਆ ਕਿ ਉਹ 13 ਫਰਵਰੀ ਨੂੰ ਸ਼ੰਭੂ ਪਹੁੰਚਿਆ ਸੀ। ਉਸ ਨੇ ਦਸਿਆ, "ਮੈਂ ਬੀਏ ਗ੍ਰੈਜੂਏਟ ਹਾਂ। ਮੇਰੇ ਬਹੁਤ ਸਾਰੇ ਦੋਸਤ ਕੈਨੇਡਾ ਚਲੇ ਗਏ ਹਨ, ਪਰ ਮੈਂ ਇਥੇ ਹੀ ਰਹਿਣ ਦਾ ਫੈਸਲਾ ਕੀਤਾ ਹੈ ਕਿਉਂਕਿ ਸਾਡੇ ਮਾਪਿਆਂ ਨੇ ਇਨ੍ਹਾਂ ਜ਼ਮੀਨਾਂ ਲਈ ਲੜਾਈ ਲੜੀ ਸੀ”।
ਗੁਰਪਿੰਦਰ ਦੇ ਪਿਤਾ ਕੋਲ਼ 5 ਏਕੜ ਖੇਤ ਹੈ ਅਤੇ ਉਨ੍ਹਾਂ ਨੇ ਪਿਛਲੇ ਸਾਲ ਅਪਣਾ ਸਾਰਾ ਕਰਜ਼ਾ ਚੁਕਾ ਦਿਤਾ ਸੀ, ਪਰ ਅਜੇ ਵੀ ਪਰਵਾਰ ਦੀ ਸਾਲਾਨਾ ਆਮਦਨ ਸਿਰਫ 4.5 ਲੱਖ ਰੁਪਏ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚਾਰ ਮੈਂਬਰਾਂ ਦੇ ਪਰਵਾਰ ਲਈ ਇਹ ਕਾਫ਼ੀ ਨਹੀਂ ਹੈ।
ਮੋਰਚੇ ਦਾ ਇਕ ਹੋਰ ਵਾਲੰਟੀਅਰ ਜਸਮਨ ਸਿੰਘ (22) ਵਾਸੀ ਬਠਿੰਡਾ ਪੰਜਾਬ ਯੂਨੀਵਰਸਿਟੀ ਵਿਚ ਥੀਏਟਰ ਦੀ ਪੜ੍ਹਾਈ ਕਰਦਾ ਹੈ। ਇਹ ਪੁੱਛੇ ਜਾਣ 'ਤੇ ਕਿ ਉਹ ਵਿਰੋਧ ਪ੍ਰਦਰਸ਼ਨ 'ਚ ਕਿਉਂ ਹਨ, ਜਸਮਨ ਨੇ ਕਿਹਾ ਕਿ ਉਹ ਪੰਜਾਬ ਦੇ ਅਪਣੇ ਭਰਾਵਾਂ ਦੇ ਨਾਲ ਖੜ੍ਹੇ ਹਨ। ਉਹ ਕਿਸਾਨ ਪਰਵਾਰ ਨਾਲ ਸਬੰਧਤ ਨਹੀਂ ਹੈ। ਉਨ੍ਹਾਂ ਕਿਹਾ, "ਅਸੀਂ ਜੋ ਮੰਗਾਂ ਕਰ ਰਹੇ ਹਾਂ, ਜਿਸ ਵਿਚ ਬਿਜਲੀ (ਸੋਧ) ਬਿੱਲ, 2022 ਨੂੰ ਵਾਪਸ ਲੈਣਾ ਵੀ ਸ਼ਾਮਲ ਹੈ, ਉਹ ਹਰ ਕਿਸੇ ਨੂੰ ਪ੍ਰਭਾਵਿਤ ਕਰਨਗੇ"।
ਸ਼ੰਭੂ ਬਾਰਡਰ ਤੋਂ 10 ਕਿਲੋਮੀਟਰ ਦੂਰ ਘਨੌਰ ਦੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਮਨਜੀਤ ਸਿੰਘ ਅਤੇ ਮਨਜਿੰਦਰ ਸਿੰਘ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿਚ ਬੀਏ ਦੀ ਪੜ੍ਹਾਈ ਕਰ ਰਹੇ ਹਨ ਅਤੇ ਲਗਾਤਾਰ ਸ਼ੰਭੂ ਮੋਰਚੇ ਉਤੇ ਆ ਰਹੇ ਹਨ। ਉਨ੍ਹਾਂ ਕਿਹਾ, "ਅਸੀਂ ਉਸ ਦਿਨ ਆਉਣਾ ਸ਼ੁਰੂ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਕਿ ਹਰਿਆਣਾ ਪੁਲਿਸ ਨੇ ਇਸ ਸੜਕ ਨੂੰ ਬੰਦ ਕਰ ਦਿਤਾ ਹੈ।
12ਵੀਂ ਜਮਾਤ ਤਕ ਪੜ੍ਹੇ ਸੁਖਜਿੰਦਰ ਸਿੰਘ (21) ਨੇ ਦਸਿਆ, “ਮੈਂ ਸਰਕਾਰੀ ਨੌਕਰੀ ਨਹੀਂ ਲੈ ਸਕਿਆ ਅਤੇ ਅਪਣੇ ਪਿਤਾ ਦੀ ਖੇਤਾਂ ਵਿਚ ਮਦਦ ਕਰ ਰਿਹਾ ਹਾਂ। ਮੈਂ ਅੱਗੇ ਪੜ੍ਹ ਨਹੀਂ ਸਕਿਆ ਕਿਉਂਕਿ ਸਾਡੇ ਕੋਲ ਲੋੜੀਂਦੇ ਪੈਸੇ ਨਹੀਂ ਸਨ।” ਬੀਏ ਗ੍ਰੈਜੂਏਟ ਜਸਜੀਤ (22) ਦਾ ਕਹਿਣਾ ਹੈ ਕਿ ਉਸ ਦੇ ਪਰਵਾਰ ਵਿਚੋਂ ਕੋਈ ਵੀ ਪ੍ਰਦਰਸ਼ਨ ਵਿਚ ਹਿੱਸਾ ਨਹੀਂ ਲੈ ਰਿਹਾ, ਪਰ ਉਹ ਇਥੇ ਇਸ ਲਈ ਆਇਆ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਬੇਇਨਸਾਫ਼ੀ ਹੈ। ਉਸ ਨੇ ਕਿਹਾ, “ਅਸੀਂ ਅਤਿਵਾਦੀ ਨਹੀਂ ਹਾਂ, ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ।”
(For more Punjabi news apart from Farmers Protest 2024 Why Punjab youth are braving police brutality, stay tuned to Rozana Spokesman)