
ਅਦਾਲਤ ਵਿਚ 2 ਕਰੋੜ 40 ਲੱਖ 96 ਹਜ਼ਾਰ ਰੁਪਏ ਦੀ ਰਕਮ ਕਰਵਾਈ ਸੀ ਜਮ੍ਹਾਂ
ਮੋਹਾਲੀ (ਸਤਵਿੰਦਰ ਸਿੰਘ ਧੜਾਕ) : ਜ਼ਿਲ੍ਹਾ ਮੋਹਾਲੀ ਦੇ ਪਿੰਡ ਬਾਕਰਪੁਰ ਦੇ ਅਮਰੂਦ ਦੇ ਬਾਗ਼ ਘਪਲੇ ਵਿਚ ਸਹਿ-ਮੁਲਜ਼ਮ ਦੇ ਦੋਸ਼ਾਂ ’ਚ ਘਿਰੇ ਸੁਖਦੇਵ ਸਿੰਘ ਨੂੰ ਅਦਾਲਤ ਨੇ ਜ਼ਮਾਨਤ ਦੇ ਦਿਤੀ ਹੈ। ਚੰਡੀਗੜ੍ਹ ਵਾਸੀ ਸੁਖਦੇਵ ਸਿੰਘ ਨੂੰ ਪੰਜਾਬ ਵਿਜਿਲੈਂਸ ਬਿਊਰੋ ਨੇ 12 ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਸਾਲ 2016-17 ਵਿਚ ਇਸ ਕੇਸ ਵਿਚ ਮੁਲਜ਼ਮ ਬਣਾਇਆ ਗਿਆ ਸੀ।
ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸੁਖਦੇਵ ਸਿੰਘ ਦੀ ਜ਼ਮਾਨਤ ਪਟੀਸ਼ਨ ਸਵੀਕਾਰ ਕਰ ਲਈ ਹੈ। ਉਸ ਨੂੰ ਅਦਾਲਤ ਵਿਚ 50,000 ਰੁਪਏ ਦਾ ਜ਼ਮਾਨਤੀ ਮੁਚਲਕਾ ਜਮ੍ਹਾ ਕਰਵਾਉਣ ਦਾ ਨਿਰਦੇਸ਼ ਦਿਤਾ ਗਿਆ ਹੈ। ਦੱਸ ਦੇਈਏ ਕਿ 17 ਫ਼ਰਵਰੀ ਨੂੰ ਪਿਛਲੀ ਸੁਣਵਾਈ ਵਿਚ ਉਸ ਨੇ ਅਪਣੀ ਜ਼ਮਾਨਤ ਅਰਜ਼ੀ ਸਵੀਕਾਰ ਕਰਨ ਦੀ ਬੇਨਤੀ ਕਰਦੇ ਹੋਏ ਕਿਹਾ ਸੀ ਕਿ ਉਸ ਤੋਂ ਬਕਾਇਆ ਰਕਮ ਲਗਪਗ 2 ਕਰੋੜ 40 ਲੱਖ 96 ਹਜ਼ਾਰ ਰੁਪਏ ਹੈ, ਜੋ ਉਹ ਅਦਾਲਤ ਵਿਚ ਜਮ੍ਹਾ ਕਰਵਾਉਣਾ ਚਾਹੁੰਦਾ ਹੈ।
ਸੁਖਦੇਵ ਸਿੰਘ ਨੇ ਉਕਤ ਰਕਮ ਦਾ ਡੀਡੀ ਅਪਣੇ ਵਕੀਲ ਐਚਐਸ ਧਨੋਆ ਰਾਹੀਂ ਅਦਾਲਤ ਵਿਚ ਜਮ੍ਹਾ ਕਰਵਾਇਆ ਸੀ। ਉਸ ਨੇ ਅਦਾਲਤ ਵਿਚ ਅਪਣੀ ਜ਼ਮਾਨਤ ਪਟੀਸ਼ਨ ਵੀ ਦਾਇਰ ਕੀਤੀ ਸੀ, ਜਿਸ ’ਤੇ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਅੱਜ ਉਸ ਦੀ ਜ਼ਮਾਨਤ ਅਰਜ਼ੀ ਸਵੀਕਾਰ ਕਰ ਲਈ ਹੈ।
ਇਹ ਦੋਸ਼ ਹੈ ਕਿ ਸੁਖਦੇਵ ਸਿੰਘ ਨੇ ਇਸ ਅਪਰਾਧਕ ਸਾਜ਼ਸ਼ ਵਿਚ ਮੁੱਖ ਭੂਮਿਕਾ ਨਿਭਾਈ, ਜਿਸ ਵਿਚ ਧੋਖਾਧੜੀ, ਜਾਅਲਸਾਜ਼ੀ ਅਤੇ ਸਰਕਾਰੀ ਰਿਕਾਰਡਾਂ ਨਾਲ ਛੇੜਛਾੜ ਕੀਤੀ ਗਈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਮੁਲਜ਼ਮਾਂ ਨੂੰ ਰਿਸ਼ਵਤ ਦੇ ਜ਼ਰੀਏ ਗ਼ੈਰ-ਕਾਨੂੰਨੀ ਵਿੱਤੀ ਲਾਭ ਪ੍ਰਾਪਤ ਕਰਨ ਦੇ ਯੋਗ ਬਣਾਇਆ ਗਿਆ।