
'ਕੇਂਦਰ ਅੱਗੇ MSP ਉਤੇ ਪੇਸ਼ ਕੀਤੇ ਵਿਸ਼ੇਸ਼ ਤੱਥ'
ਚੰਡੀਗੜ੍ਹ: ਸ਼ੰਭੂ ਤੇ ਖਨੌਰੀ ਬਾਰਡਰ ਉਪਰ ਸੰਘਰਸ਼ ਕਰ ਰਹੇ ਕਿਸਾਨ ਮੋਰਚੇ ਦੇ ਆਗੂਆਂ ਅਤੇ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਦਰਮਿਆਨ ਅੱਜ ਹੋਈ ਛੇਵੇਂ ਗੇੜ ਦੀ ਮੀਟਿੰਗ ਵਿਚ ਵੀ ਕੋਈ ਗੱਲ ਨਹੀਂ ਬਣੀ। ਢਾਈ ਘੰਟੇ ਤੋਂ ਵੱਧ ਸਮਾਂ ਚਲੀ ਮੀਟਿੰਗ ਬੇਨਤੀਜਾ ਹੀ ਰਹੀ ਹੈ। ਹੁਣ ਅਗਲੇ ਗੇੜ ਦੀ ਇਕ ਹੋਰ ਮੀਟਿੰਗ 19 ਮਾਰਚ ਨੂੰ ਤੈਅ ਕਰ ਦਿਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਅੱਜ ਦੀ ਮੀਟਿੰਗ ਵਿਚ ਮੁੱਖ ਤੌਰ ’ਤੇ ਐਮ.ਐਸ.ਪੀ. ਦੀ ਗਰੰਟੀ ਦੇ ਕਾਨੂੰਨ ਨੂੰ ਲੈ ਕੇ ਹੀ ਹੋਈ ਹੈ। ਕਿਸਾਨ ਆਗੂ ਸਾਰੀਆਂ 23 ਫ਼ਸਲਾਂ ਉਪਰ ਕਾਨੂੰਨੀ ਗਰੰਟੀ ਲੈਣ ਲਈ ਡਟੇ ਹੋਏ ਹਨ ਅਤੇ ਪੂਰੇ ਤੱਥਾਂ ਸਮੇਤ ਕੇਂਦਰੀ ਮੰਤਰੀਆਂ ਸਾਹਮਣੇ ਵਿਚਾਰ ਰੱਖੇ। ਅੱਜ ਦੀ ਇਸ ਮੀਟਿੰਗ ਵਿਚ ਕੇਂਦਰੀ ਖੇਤੀ ਮੰਤਰੀ ਸ਼ਿਵ ਰਾਜ ਚੌਹਾਨ ਨਾਲ ਦੋ ਹੋਰ ਕੇਂਦਰੀ ਮੰਤਰੀ ਪਿਯੂਸ਼ ਗੋਇਲ ਤੇ ਪ੍ਰਹਲਾਦ ਜੋਸ਼ੀ ਸ਼ਾਮਲ ਸਨ। ਕੇਂਦਰ ਸਰਕਾਰ ਦੇ ਉਚ ਅਧਿਕਾਰੀਆਂ ਦੀ ਟੀਮ ਵੀ ਨਾਲ ਮੌਜੂਦ ਸੀ। ਪੰਜਾਬ ਸਰਕਾਰ ਵਲੋਂ ਵੀ ਤਿੰਨ ਮੰਤਰੀ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਖੁੱਡੀਆਂ ਅਤੇ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਡੀ.ਜੀ.ਪੀ. ਗੌਰਵ ਯਾਦਵ ਤੇ ਹੋਰ ਉਚ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕੇਂਦਰੀ ਖੇਤੀ ਮੰਤਰੀ ਸ਼ਿਵ ਰਾਜ ਚੌਹਾਨ ਕਿਹਾ ਕਿ ਗੱਲਬਾਤ ਬੜੇ ਹੀ ਵਧੀਆ ਮਾਹੌਲ ਵਿਚ ਹੋਈ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਹਨ ਅਤੇ ਅੱਗੇ ਵੀ ਗੱਲਬਾਤ ਜਾਰੀ ਰਹੇਗੀ।
ਉਨ੍ਹਾਂ ਦਸਿਆ ਕਿ ਮੀਟਿੰਗ ਵਿਚ ਕਿਸਾਨ ਆਗੂਆਂ ਨੂੰ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਅਤੇ ਭਵਿੱਖ ਦੀਆਂ ਤਰਜੀਹਾਂ ਤੇ ਨੀਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਤੀ ਗਈ ਹੈ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਮੀਟਿੰਗ ਬਾਅਦ ਦਸਿਆ ਕਿ ਇਸ ਮੀਟਿੰਗ ਵਿਚ ਪੂਰੀ ਤਰ੍ਹਾਂ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਬਾਰੇ ਹੀ ਪੂਰੀ ਚਰਚਾ ਹੋਈ ਹੈ। ਕਿਸਾਨਾਂ ਵਲੋਂ ਡਾਟਾ ਬੇਸ ਰੀਪੋਰਟਾਂ ਦੇ ਆਧਾਰ ’ਤੇ ਗੱਲ ਹੋਈ ਹੈ ਅਤੇ ਕੇਂਦਰੀ ਖੇਤੀ ਮੰਤਰੀ ਨੇ ਇਹ ਡਾਟਾ ਰੀਪੋਰਟਾਂ ਇਕ ਹਫ਼ਤੇ ਅੰਦਰ ਉਨ੍ਹਾਂ ਨੂੰ ਦੇਣ ਲਈ ਕਿਹਾ ਹੈ। ਇਸ ’ਤੇ ਚਰਚਾ ਕਰ ਕੇ ਅਗਲੀ ਮੀਟਿੰਗ ਵਿਚ ਗੱਲਬਾਤ ਕੀਤੀ ਜਾਵੇਗੀ। ਚੀਮਾ ਨੇ ਕਿਹਾ ਕਿ ਗੱਲਬਾਤ ਬਹੁਤ ਹਾਂ ਪੱਖੀ ਮਾਹੌਲ ਵਿਚ ਹੋਈ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀਆਂ ਨੇ ਪੰਜਾਬ ਸਰਕਾਰ ਨਾਲ ਵਖਰੀ ਚਰਚਾ ਵੀ ਕੀਤੀ ਹੈ।
ਮੀਟਿੰਗ ਤੋਂ ਬਾਅਦ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਦਸਿਆ ਕਿ ਸਾਰੇ ਤੱਥ ਮੰਤਰੀਆਂ ਸਾਹਮਣੇ ਰੱਖੇ। ਸਾਰੀਆਂ ਫ਼ਸਲਾਂ ਉਪਰ 100 ਫ਼ੀ ਸਦੀ ਗਰੰਟੀ ਦੀ ਮੰਗ ਰੱਖੀ ਹੈ। 25 ਅਤੇ 30 ਹਜ਼ਾਰ ਕਰੋੜ ਨਾਲ ਕਾਨੂੰਨ ਬਣ ਸਕਦਾ ਹੈ। ਮੀਟਿੰਗ ਛੇਤੀ ਕਰਨ ਦੀ ਮੰਗ ਵੀ ਕੀਤੀ ਪਰ ਕੇਂਦਰੀ ਮੰਤਰੀਆਂ ਨੇ ਮਾਹਰਾ ਨਾਲ ਵਿਸਥਾਰ ਵਿਚ ਚਰਚਾ ਲਈ ਸਮਾਂ ਮੰਗਦਿਆਂ 19 ਮਾਰਚ ਦੀ ਮੀਟਿੰਗ ਰੱਖੀ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੋਰਚਾ 374 ਦਿਨ ਤੋਂ ਚਲ ਰਿਹਾ ਹੈ। ਕੇਂਦਰੀ ਅਪਣੀਆਂ ਸਕੀਮਾਂ ਬਾਰੇ ਦਸਦਾ ਪਰ ਅਸੀ ਅਪਣੀਆਂ ਦਲੀਲਾਂ ਦਿਤੀਆਂ। ਨੀਤੀਆਂ ਕਿਸਾਨਾਂ ਦਰਦ ਦੂਰ ਨਹੀਂ ਕਰਨ ਵਾਲੀਆਂ। ਸਾਡੀਆਂ ਦਲੀਲਾਂ ਦਾ ਕੋਈ ਜਵਾਬ ਨਹੀਂ ਸੀ ਕੇਂਦਰੀ ਮੰਤਰੀਆਂ ਕੋਲ। ਕੇਂਦਰੀ ਮੰਤਰੀਆਂ ਨੇ ਕਾਨੂੰਨ ਤੋਂ ਨਾਂਹ ਨਹੀਂ ਕੀਤੀ ਪਰ ਵਿਚਾਰ ਲਈ ਸਮਾਂ ਮੰਗਿਆ। ਪੰਧੇਰ ਨੇ ਦਸਿਆ ਕਿ ਸੜਕਾਂ ਬੰਦ ਹੋਣ ਦਾ ਮੁੱਦਾ ਵੀ ਚੁਕਿਆ। ਬਾਰਡਰ ਖੋਹ ਲਿਆ ਜਾਵੇ। ਪੰਜਾਬ ਸਰਕਾਰ ਵੀ ਸੈਸ਼ਨ ਵਿਚ ਮੰਗਾਂ ਦੇ ਹੱਕ ਵਿਚ ਅਤੇ ਕੇਂਦਰੀ ਨੀਤੀ ਦੇ ਖਰੜੇ ਨੂੰ ਰੱਦ ਕੀਤਾ ਜਾਵੇ। ਅੱਜ ਹੋਈ ਮੀਟਿੰਗ ਵਿਚ ਸ਼ਾਮਲ 28 ਮੈਂਬਰੀ ਕਿਸਾਨ ਪ੍ਰਤੀਨਿਧ ਮੰਡਲ ਵਿਚ ਡੱਲੇਵਾਲ ਅਤੇ ਪੰਧੇਰ ਤੋਂ ਇਲਾਵਾ ਮਨਜੀਤ ਸਿੰਘ ਰਾਏ, ਕਾਕਾ ਸਿੰਘ ਕੋਟੜਾ, ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਅਭਿਮੰਨਿਊ ਕੋਹਾੜ ਦੇ ਨਾਂ ਜ਼ਿਕਰਯੋਗ ਹਨ।
ਡੱਲੇਵਾਲ ਨੇ ਮੰਗਾਂ ਪ੍ਰਵਾਨ ਹੋਣ ਤਕ ਮਰਨ ਵਰਤ ਖ਼ਤਮ ਕਰਨ ਤੋਂ ਕੀਤੀ ਨਾਂਹ
ਅੱਜ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਸ਼ਿਵ ਰਾਜ ਚੌਹਾਨ ਨੇ ਪਹਿਲਾਂ ਡੱਲੇਵਾਲ ਕੋਲ ਜਾ ਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਿਆ। ਇਸ ਤੋਂ ਬਾਅਦ ਤਿੰਨੇ ਕੇਂਦਰੀ ਮੰਤਰੀਆਂ ਤੇ ਪੰਜਾਬ ਦੇ ਮੰਤਰੀਆਂ ਨੇ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਪਰ ਉਨ੍ਹਾਂ ਮੰਗਾਂ ਪ੍ਰਵਾਨ ਹੋਣ ਤੇ ਐਮਐਸਪੀ ਦਾ ਕਾਨੂੰਨ ਬਣਨ ਤਕ ਮਰਨ ਵਰਤ ਖ਼ਤਮ ਕਰਨ ਤੋਂ ਸਾਫ਼ ਨਾਂਹ ਕਰ ਦਿਤੀ। ਡੱਲੇਵਾਲ ਨੂੰ ਅੱਜ ਵੀ ਪਿਛਲੀ ਮੀਟਿੰਗ ਖਨੌਰੀ ਬਾਰਡਰ ਤੋਂ ਡਾਕਟਰਾਂ ਦੀ ਟੀਮ ਨਾਲ ਵਿਸ਼ੇਸ਼ ਐਂਬੂਲੈਂਸ ਵਿਚ ਚੰਡੀਗੜ੍ਹ ਲਿਆਂਦਾ ਗਿਆ ਸੀ।