
ਪਹਿਲੇ ਦਿਨ ਡਾ.ਮਨਮੋਹਨ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਪਿਛਲੇ ਹਫ਼ਤੇ ਮੰਤਰੀ ਮੰਡਲ ਦੁਆਰਾ ਪ੍ਰਵਾਨਿਤ ਸੋਮਵਾਰ ਸਵੇਰੇ 11ਵਜੇ ਸ਼ੁਰੂ ਹੋਣ ਵਾਲੇ ਦੋ ਦਿਨਾਂ ਵਿਸ਼ੇਸ਼ ਵਿਧਾਨ ਸਭਾ ਇਜਲਾਸ ਦੀ ਪਹਿਲੀ ਬੈਠਕ ’ਚ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ.ਮਨਮੋਹਨ ਸਿੰਘ ਨੂੰ ਸ਼ਰਧਾਂਜਲੀਆਂ ਦਿਤੀਆਂ ਜਾਣਗੀਆਂ। 2004 ਤੋਂ 20214 ਤੋਂ ਲਗਾਤਾਰ 10 ਸਾਲ ਯਾਨੀ ਦੋ ਵਾਰ 2004-09 ਅਤੇ 2009-14 ਦੀਆਂ ਟਰਮਾਂ ਰਹਿੰਦੇ, ਡਾ.ਮਨਮੋਹਨ ਸਿੰਘ ਨੇ ਬਤੌਰ ਆਰਥਕ ਮਾਹਰ, ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਮਜ਼ਬੂਤ ਕੀਤਾ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬ ਨੂੰ ਵਿਸ਼ੇਸ਼ ਸਹਾਇਤਾ ਦਿਤੀ।
ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਵਿਧਾਨ ਸਭਾ ਸਕੱਤਰ ਰਾਮ ਲੋਕ ਖਟਾਣਾ ਨੇ ਦਸਿਆ ਕਿ ਸੋਮਵਾਰ ਨੂੰ ਪੇਸ਼ ਕੀਤੀ ਜਾਣ ਵਾਲੀ ਸ਼ਰਧਾਂਜਲੀ ਲਿਸਟ ’ਚ ਡਾ.ਮਨਮੋਹਨ ਸਿੰਘ ਤੋਂ ਇਲਾਵਾ, ਅਕਾਲ ਚਲਾਣਾ ਕਰ ਗਏ ਐਮ.ਪੀ. ਤੇ ਕਾਂਗਰਸ ਪ੍ਰਧਾਨ ਰਹੇ ਹਰਵਿੰਦਰ ਸਿੰਘ ਹੰਸਪਾਲ, ਇਕ ਹੋਰ ਐਮ.ਪੀ. ਧਰਮਪਾਲ ਸੱਭਰਵਾਲ, ਵਿਧਾਇਕ ਗੁਰਪ੍ਰੀਤ ਗੋਗੀ, ਮੋਗਾ ਤੋਂ ਵਿਧਾਇਕ ਰਹੇ ਦਵਿੰਦਰ ਪਾਲ ਜੈਨ, ਤਰਨ ਤਾਰਨ ਤੋਂ ਵਿਧਾਇਕ ਰਹੇ ਸੁਵਿੰਦਰ ਸਿੰਘ ਬੁੱਟਰ, ਰੋਪੜ ਤੋਂ ਸਾਬਕਾ ਐਲ.ਐਮ.ਏ ਭਾਗ ਸਿੰਘ ਅਤੇ ਅਕਾਲੀ ਦਲ ਦੇ ਵਿਧਾਇਕ ਰਹੇ ਅਜੈਬ ਸਿੰਘ ਮੁਖਮੈਲਪੁਰ ਸ਼ਾਮਲ ਹਨ।
ਸਕੱਤਰ ਨੇ ਇਹ ਵੀ ਦਸਿਆ ਕਿ ਇਸ ਵਿਸ਼ੇਸ਼ ਇਜਲਾਸ ਦੌਰਾਨ ਨਾ ਤਾਂ ਰਾਜਪਾਲ ਦਾ ਭਾਸ਼ਣ ਹੋਵੇਗਾ ਅਤੇ ਨਾ ਹੀ ਸਾਲ 2025-26 ਲਈ ਬਜਟ ਪ੍ਰਸਤਾਵ ਪੇਸ਼ ਹੋਣਗੇ। ਇਥੇ ਇਹ ਦਸਣਯੋਗ ਹੈ ਕਿ 3 ਸਤੰਬਰ 2024 ਨੂੰ ਖ਼ਤਮ ਹੋਏ 3 ਦਿਨਾਂ ਇਜਲਾਸ ਨੂੰ ਵਿਧੀਵਤ ਰੂਪ ’ਚ ਨਹੀਂ ਉਠਾਇਆ ਗਿਆ ਸੀ ਯਾਨੀ ‘‘ਪਰੋਰੋਗ’’ ਨਹੀਂ ਕੀਤਾ ਸੀ। ਸੋਮਵਾਰ ਤੋਂ ਸ਼ੁਰੂ ਹੋਦ ਵਾਲਾ 2 ਦਿਨਾਂ ਇਜਲਾਸ ਸਤੰਬਰ ਮਹੀਨੇ ਦੇ ਸੈਸ਼ਨ ਦੀ ਨਹੀਂ ਐਕਸਟੈਂਨਸ਼ਨ ਹੈ।