
ਘਰ ਤੋਂ ਕੰਮ ਕਰਨ ਨੂੰ ਕਰੋ ਉਤਸ਼ਾਹਤ, ਹੱਥ ਨਾ ਮਿਲਾਉ, ਸੈਨੀਟਾਈਜੇਸ਼ਨ ਸਟੇਸ਼ਨ ਸਥਾਪਤ ਕਰੋ ਅਤੇ ਥਰਮਲ ਸਕੈਨਰ ਲਗਾਉ
ਚੰਡੀਗੜ੍ਹ, 21 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ -19 ਵਿਰੁਧ ਜੰਗ ਵਿਚ ਮੂਹਰਲੀ ਕਤਾਰ ਵਿਚ ਡੱਟੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸੂਬੇ ਦੇ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਰਾਜ ਦੇ ਸਾਰੇ ਦਫ਼ਤਰਾਂ ਦੇ ਐਂਟਰੀ ਗੇਟਾਂ ’ਤੇ ਥਰਮਲ ਸਕੈਨਰ ਲਗਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਘਰ ਤੋਂ ਕੰਮ ਨੂੰ ਉਤਸ਼ਾਹਤ ਕਰਨ ਅਤੇ ਹੈਂਡ ਸੈਨੇਟਾਈਜ਼ਰ, ਮਾਸਕ ਦੀ ਵਰਤੋਂ ਨੂੰ ਹਰ ਸਮੇਂ ਲਾਜ਼ਮੀ ਬਣਾਉਣ ਲਈ ਹਦਾਇਤ ਵੀ ਕੀਤੀ ਤਾਂ ਜੋ ਵੱਧ ਤੋਂ ਵੱਧ ਸਕਰੀਨਿੰਗ ਨੂੰ ਸੰਭਵ ਬਣਾਇਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਸਿਰਫ਼ ਲੋੜੀਂਦੇ ਸਟਾਫ਼ ਨੂੰ ਹੀ ਦਫ਼ਤਰ ਵਿਚ ਆਉਣ ਲਈ ਕਿਹਾ ਜਾਣਾ ਚਾਹੀਦਾ ਅਤੇ ਅਜਿਹੇ ਸਟਾਫ਼ ਸਬੰਧੀ ਇਕ ਵਿਆਪਕ ਯੋਜਨਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਹੈ, ਜਿਸ ਵਿਚ ਕਰਮਚਾਰੀਆਂ ਦਰਮਿਆਨ ਘੱਟੋ-ਘੱਟ 1 ਮੀਟਰ ਦੀ ਦੂਰੀ ਰੱਖਣ ਦੀ ਵਿਵਸਥਾ, ਡਿਊਟੀ ਲਈ ਰੀਪੋਰਟ ਕਰਨ ਦੇ ਸਮੇਂ ਵਿਚ ਢਿੱਲ, ਦਫ਼ਤਰ ਛੱਡਣ ਦੇ ਸਮੇਂ ਵਿਚ ਢਿੱਲ, ਦੁਪਹਿਰ ਦੇ ਖਾਣੇ ਅਤੇ ਟੀ ਬਰੇਕ ਵਿਚ ਢਿੱਲ ਦੇਣਾ ਸ਼ਾਮਲ ਹਨ। ਇਹ ਸੱਭ ਇਸ ਉਦੇਸ਼ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਸਟਾਫ਼ ਵਿਚਕਾਰ ਭੀੜ ਇਕੱਠੀ ਹੋਣ ਤੋਂ ਰੋਕੀ ਜਾ ਸਕੇ।
ਬੁਲਾਰੇ ਨੇ ਅੱਗੇ ਦਸਿਆ ਕਿ ਅਡਵਾਈਜ਼ਰੀ ਵਿਚ ਵਿਭਾਗਾਂ ਨੂੰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਦਫ਼ਤਰ ਦੇ ਪ੍ਰਵੇਸ਼ ਦੁਆਰ ’ਤੇ ਅਲਕੋਹਲ ਵਾਲੇ ਸੈਨੀਟਾਈਜ਼ਰ (ਘੱਟੋ-ਘੱਟ 70 ਫ਼ੀ ਸਦੀ ਈਥਾਈਲ ਅਲਕੋਹਲ) ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਤਾਂ ਜੋ ਅਮਲਾ ਦਫ਼ਤਰ ਵਿਚ ਪ੍ਰਵੇਸ਼ ਕਰਨ ਮੌਕੇ ਅਪਣੇ ਹੱਥਾਂ ਨੂੰ ਰੋਗਾਣੂ ਮੁਕਤ ਕਰ ਕੇ ਹੀ ਅੰਦਰ ਦਾਖ਼ਲ ਹੋਵੇ ਇਸ ਦੇ ਨਾਲ ਹੀ ਘਰੋਂ ਨਿਕਲਣ ਸਮੇਂ ਤੋਂ ਵਾਪਸ ਘਰ ਪਰਤਣ ਤਕ ਕਪੜੇ ਦਾ ਮਾਸਕ ਪਹਿਨਣਾ ਵੀ ਲਾਜ਼ਮੀ ਕੀਤਾ ਜਾਵੇ।
File photo
ਬੁਲਾਰੇ ਨੇ ਕਿਹਾ ਕਿ ਬਹੁ-ਮੰਜ਼ਲਾ ਦਫ਼ਤਰਾਂ ਦੀ ਸਥਿਤੀ ਵਿਚ, ਜਿਥੇ ਐਲੀਵੇਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਸੈਨੀਟਾਈਜਰਜ਼ ਨੂੰ ਹਰ ਇਕ ਮੰਜ਼ਲ ’ਤੇ ਐਲੀਵੇਟਰ ਦੇ ਪ੍ਰਵੇਸ਼ ਦੁਆਰ ਦੇ ਨੇੜੇ ਲਗਾਇਆ ਜਾਣਾ ਚਾਹੀਦਾ ਹੈ। ਅਡਵਾਈਜ਼ਰੀ ਵਿਚ ਇਹ ਵੀ ਕਿਹਾ ਹੈ ਕਿ ਹੈਂਡ ਸੈਨੀਟਾਈਜ਼ਿੰਗ ਸਟੇਸ਼ਨਾਂ ਨੂੰ ਦਫ਼ਤਰ ਵਿਚ ਅਤੇ ਉੱਚ ਸੰਪਰਕ ਦੀਆਂ ਥਾਵਾਂ ਦੇ ਨੇੜੇ ਲਗਾਇਆ ਜਾਣਾ ਚਾਹੀਦਾ ਹੈ। ਦਫ਼ਤਰੀ ਸਥਾਨਾਂ ਨੂੰ ਰੁਗਾਣੂਮੁਕਤ ਕਰਨ ਦੇ ਸਬੰਧ ਵਿਚ ਬੁਲਾਰੇ ਨੇ ਕਿ ਇਹ ਸਲਾਹ ਦਿਤੀ ਗਈ ਹੈ ਕਿ ਕਾਨਫ਼ਰੰਸ ਰੂਮ ਸਮੇਤ ਅੰਦਰਲੇ ਖੇਤਰਾਂ ਨੂੰ ਦਫ਼ਤਰ ਦੇ ਕੰਮਕਾਜੀ ਸਮੇਂ ਤੋਂ ਬਾਅਦ ਜਾਂ ਕਰਮਚਾਰੀਆਂ ਦੇ ਆਉਣ ਤੋਂ ਪਹਿਲਾਂ ਸਵੇਰੇ ਸੁਵਕਤੇ ਸਾਫ਼ ਕੀਤਾ ਜਾਵੇ।
ਜੇ ਸੰਪਰਕ ਵਾਲੀ ਥਾਂ ਗੰਦੀ ਨਜ਼ਰ ਆਉਂਦੀ ਹੈ ਤਾਂ ਇਸ ਨੂੰ ਰੋਗਾਣੂ ਮੁਕਤ ਕਰਨ ਤੋਂ ਪਹਿਲਾਂ ਸਾਬਣ ਅਤੇ ਪਾਣੀ ਨਾਲ ਸਾਫ਼ ਕੀਤਾ ਜਾਵੇ। ਸਫ਼ਾਈ ਕਰਨ ਸਮੇਂ ਸਫਾਈ ਕਰਮਚਾਰੀ ਨੂੰ ਡਿਸਪੋਜ਼ੇਬਲ ਰਬੜ ਦੇ ਬੂਟ, ਦਸਤਾਨੇ ਅਤੇ ਕਪੜੇ ਦਾ ਇਕ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ। ਬੁਲਾਰੇ ਮੁਤਾਬਕ, ਅਡਵਾਈਜ਼ਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਅੰਦਰੂਨੀ ਖੇਤਰਾਂ ਜਿਵੇਂ ਪ੍ਰਵੇਸ਼ ਦੁਆਰ, ਲਾਂਘੇ ਅਤੇ ਪੌੜੀਆਂ, ਐਸਕਲੇਟਰ, ਐਲੀਵੇਟਰ, ਸੁਰੱਖਿਆ ਗਾਰਡ ਬੂਥ, ਦਫ਼ਤਰ ਦੇ ਕਮਰੇ, ਮੀਟਿੰਗ ਕਮਰੇ, ਕੈਫ਼ੇਟੇਰੀਆ ਆਦਿ ਨੂੰ 1 ਫ਼ੀ ਸਦੀ ਸੋਡੀਅਮ ਹਾਈਪੋਕਲੋਰਾਈਟ ਜਾਂ ਅਜਿਹੇ ਕਿਸੇ ਹੋਰ ਕੀਟਨਾਸ਼ਕ ਨਾਲ ਰੋਗਾਣੂਮੁਕਤ ਕਰਨਾ ਚਾਹੀਦਾ ਹੈ।
ਕਰਮਚਾਰੀਆਂ ਨੂੰ ਸਿਹਤ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਤਾਕੀਦ ਕਰਦਿਆਂ ਅਡਵਾਈਜ਼ਰੀ, ਉਨ੍ਹਾਂ ਨੂੰ ਸਵੈ-ਇੱਛਾ ਨਾਲ ਛੇਤੀ ਇਲਾਜ ਸਬੰਧੀ ਲੱਛਣਾਂ ਬਾਰੇ ਦੱਸਣ ਤੋਂ ਇਲਾਵਾ ਤੱਥਾਂ ਦੀ ਪੁਸ਼ਟੀ ਕੀਤੇ ਬਗੈਰ ਕੋਵਿਡ-19 ਸਬੰਧੀ ਝੂਠੀਆਂ ਖ਼ਬਰਾਂ/ਅਫ਼ਵਾਹਾਂ ਵਿਚ ਨਾ ਉਲਝਣ ਦੀ ਅਪੀਲ ਕਰਦੀ ਹੈ।
ਉਸ ਨੇ ਕਿਹਾ ਕਿ ਜੇਕਰ ਕੋਈ ਕਰਮਚਾਰੀ ਕਾਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ ਅਤੇ ਉਹ ਦਫ਼ਤਰ ਵਿਚ ਹਾਜ਼ਰ ਰਹਿ ਚੁੱਕਾ ਹੈ ਤਾਂ ਵਿਭਾਗ ਤੁਰਤ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 01722920074 / +91-8872090029 ’ਤੇ ਸੂਚਿਤ ਕਰੇਗਾ ਅਤੇ ਕਰਮਚਾਰੀ ਸਬੰਧੀ ਸਾਰੇ ਤੱਥਾਂ ਸਮੇਤ ਦਫ਼ਤਰ ਵਿਚ ਹਾਜ਼ਰੀ ਦੌਰਾਨ ਉਕਤ ਕਰਮਚਾਰੀ ਦੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਸਬੰਧੀ ਜਾਣਕਾਰੀ ਵੀ ਉਪਲਬਧ ਕਰਵਾਏਗਾ। ਇਸ ਲਈ ਕਿਸੇ ਵੀ ਦਿਨ ਦਫ਼ਤਰ ਵਿਚ ਆਉਣ ਵਾਲੇ ਸਾਰੇ ਕਰਮਚਾਰੀਆਂ ਦਾ ਪੂਰਾ ਅਤੇ ਢੁੱਕਵਾਂ ਰੀਕਾਰਡ ਰੱਖਿਆ ਜਾਣਾ ਜ਼ਰੂਰੀ ਹੈ