
ਸੂਬੇ 'ਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 256 ਹੋਈ
ਚੰਡੀਗੜ੍ਹ, 21 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਕੋਰੋਨਾ ਵਾਇਰਸ ਦੇ 6 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਹੁਣ ਸੂਬੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 250 ਤੋਂ ਟੱਪ ਗਈ ਹੈ। ਜ਼ਿਲ੍ਹਾ ਮੋਹਾਲੀ ਵਿਚ ਹਿਕ ਨਵਾਂ ਕੇਸ ਆਉਣ ਨਾਲ ਇਥੇ ਕੁੱਲ ਗਿਣਤੀ 62 ਅਤੇ ਪਟਿਆਲਾ ਦੇ ਰਾਜਪੁਰਾ ਵਿਚ 5 ਹੋਰ ਨਵੇਂ ਪਾਜ਼ੇਟਿਵ ਕੇਸ ਆਉਣ ਨਾਲ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 31 ਹੋ ਗਈ ਹੈ। ਪਟਿਆਲਾ ਜ਼ਿਲ੍ਹਾ ਵੀ ਹੁਣ ਹਾਟਸਪਾਟ ਜ਼ਿਲ੍ਹਿਆਂ ਦੀ ਸ਼੍ਰੇਣੀ ਵਿਚ ਆ ਚੁੱਕਾ ਹੈ। ਜ਼ਿਲ੍ਹਾ ਜਲੰਧਰ ਤੋਂ ਵੀ 5 ਨਵੇਂ ਕੇਸ ਸਾਹਮਣੇ ਆਏ ਹਨ
File photo
ਅਤੇ ਜ਼ਿਲ੍ਹਾ ਮੋਹਾਲੀ ਵਿਚ ਨਵਾਂ ਮਾਮਲਾ ਨਵਾਂ ਗਰਾਉਂ ਤੋਂ ਆਇਆ ਹੈ ਜੋ ਪੀ.ਜੀ.ਆਈ. ਤੋਂ ਪਹਿਲਾਂ ਇਕ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਾਲਾ ਹੈ ਜਦ ਕਿ ਰਾਜਪੁਰਾ ਵਿਚ ਆਏ 5 ਨਵੇਂ ਮਾਮਲੇ ਇਕ ਪਾਜ਼ੇਟਿਵ ਮਹਿਲਾ ਮਰੀਜ਼ ਦੇ ਸੰਪਰਕ ਵਾਲੇ ਹਨ। ਹੁਣ ਪੰਜਾਬ ਵਿਚ ਅੱਜ ਸ਼ਾਮ ਤਕ ਕੁੱਲ 256 ਪਾਜ਼ੇਟਿਵ ਕੇਸ ਹਨ। ਇਨ੍ਹਾਂ ਵਿਚੋਂ ਇਕ ਦੇ ਵੈਂਟੀਲੇਟਰ 'ਤੇ ਹੋਦ ਕਾਰਨ ਹਾਲਤ ਗੰਭੀਰ ਬਣੀ ਹੋਈ ਹੈ। ਸ਼ੱਕੀ ਕੇਸਾਂ ਵਿਚੋਂ 335 ਦੀ ਰੀਪੋਰਟ ਹਾਲੇ ਆਉਣੀ ਬਾਕੀ ਹੈ। ਹੁਣ ਇਲਾਜ ਨਾਲ ਠੀਕ ਹੋਣ ਵਾਲੇ ਕੇਸਾਂ ਦੀ ਗਿਣਤੀ ਵੀ 38 ਹੋ ਗਈ ਹੈ। ਜ਼ਿਕਰਯੋਗ ਹੈ ਕਿ ਹਾਟ ਸਪਾਟ ਪਿੰਡ ਜਵਾਹਰਪੁਰ ਦੇ 5 ਮਰੀਜ਼ ਠੀਕ ਹੋਏ ਹਨ।