
ਅੱਜ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਪੰਜਾਬ ਨੂੰ ਬਚਾਉਣ ਤੇ ਕਾਮਯਾਬ ਕਰਨ ਲਈ ਹੋ ਰਹੇ ਨੇ ਇੱਕਠੇ
ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕਾਫ਼ਿਲਾ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਅੱਜ ਪਾਰਟੀ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਕਾਂਗਰਸ ਪਾਰਟੀ ਦੀ ਆਗੂ ਰਣਜੀਤ ਕੌਰ ਅਤੇ ਫੌਜ ਦੇ ਸਾਬਕਾ ਕੈਪਟਨ ਤਰਸੇਮ ਸਿੰਘ ਸਮੇਤ ਕਈ ਆਗੂ ਆਪ ਵਿੱਚ ਸ਼ਾਮਲ ਹੋਏ। ਚੰਡੀਗੜ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਨਾਂ ਆਗੂਆਂ ਨੂੰ ਪਾਰਟੀ ਸ਼ਾਮਲ ਕੀਤਾ।
Congress leaders and former army officers joined the Aam Aadmi Party
ਕੈਪਟਨ ਤਰਸੇਮ ਸਿੰਘ ਭਾਰਤੀ ਸੈਨਾ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ। ਅੰਮ੍ਰਿਤਸਰ ਜ਼ਿਲੇ ਦੇ ਪਿੰਡ ਸਠਿਆਲਾ ਦੀ ਰਹਿਣ ਵਾਲੀ ਬੀਬਾ ਰਣਜੀਤ ਕੌਰ ਕਾਂਗਰਸ ਪਾਰਟੀ ਦੀ ਆਗੂ ਹੈ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਇੱਕ ਹੋਰ ਆਗੂ ਪਰਮਜੀਤ ਸਿੰਘ ਆਲ ਇੰਡੀਆ ਐਸ.ਸੀ ਫੰਡੈਰੇਸ਼ਨ ਦੇ ਪ੍ਰਧਾਨ ਹਨ। ਇਨਾਂ ਆਗੂਆਂ ਦੇ ਨਾਲ ਹਵਲਦਾਰ ਹਰਜੀਤ ਸਿੰਘ ਅਤੇ ਸਰਵਨ ਸਿੰਘ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
Harpal Cheema
ਹਰਪਾਲ ਸਿੰਘ ਚੀਮਾ ਨੇ ਸਾਰੇ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦਰ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਲੋਕ ਵੱਡੀ ਗਿਣਤੀ 'ਚ ਆਪ ਨਾਲ ਜੁੜ ਰਹੇ ਹਨ। ਉਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਅਤੇ ਸਰਕਾਰੀ ਹਸਪਤਾਲਾਂ ਦੀ ਸਥਿਤੀ ਵਿੱਚ ਸੁਧਾਰ ਕਰਕੇ ਵਿਕਾਸ ਦਾ ਨਵਾਂ ਮਾਡਲ ਪੇਸ਼ ਕੀਤਾ ਹੈ।
Harpal Singh Cheema
ਅੱਜ ਦਿੱਲੀ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਉਚ ਮਿਆਰੀ ਸਿੱਖਿਆ ਦਿਵਾ ਰਹੇ ਹਨ, ਜਦੋਂ ਕਿ ਸਰਕਾਰੀ ਹਸਪਤਾਲਾਂ ਵਿੱਚ ਚੰਗਾ ਇਲਾਜ ਕਰਵਾ ਕੇ ਆਪਣੀ ਕਮਾਈ ਵੀ ਬਚਾਅ ਰਹੇ ਹਨ। ਇਸੇ ਦਾ ਨਤੀਜਾ ਹੈ ਕਿ ਅੱਜ ਦੇਸ ਭਰ ਦੇ ਲੋਕ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਅੱਜ ਹਰ ਵਰਗ ਦੇ ਲੋਕ ਇੱਕਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਆਪ ਵਿੱਚ ਸ਼ਾਮਲ ਹੋ ਰਹੇ ਹਨ।
Arvind Kejriwal
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸ਼ਬਦੀ ਹਮਲਾ ਕਰਦਿਆਂ ਚੀਮਾ ਨੇ ਕਿਹਾ ਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਸਾਰੇ ਵਾਅਦੇ ਵਿਸਾਰ ਦਿੱਤੇ ਹਨ, ਉਨਾਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਰਤ ਦੇ ਸਭ ਤੋਂ ਖ਼ਰਾਬ ਕਾਰਗੁਜਾਰੀ ਵਾਲੇ ਮੁੱਖ ਮੰਤਰੀ ਹਨ, ਜਿਸ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਨਾਂ ਨੂੰ ਧੋਖਾ ਦਿੱਤਾ ਹੈ।
CM Punjab and harpal Singh Cheema
ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਉਨਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਸਾਰੇ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।