
ਪਿਛਲੀ ਕਾਂਗਰਸ ਸਰਕਾਰ ਸਮੇਂ ਦੇ ਹਨ ਕਿਸਾਨਾਂ ਦੇ ਜਾਰੀ ਵਰੰਟ : ਹਰਪਾਲ ਚੀਮਾ
ਕਿਹਾ, ਮੌਜੂਦਾ ਸਰਕਾਰ ਸਾਰੇ ਵਰੰਟ ਰੱਦ ਕਰੇਗੀ ਅਤੇ ਕਿਸੇ ਡਿਫ਼ਾਲਟਰ ਕਰਜ਼ਈ ਕਿਸਾਨ ਦੀ ਗਿ੍ਫ਼ਤਾਰੀ ਨਹੀਂ ਹੋਵੇਗੀ
ਸਰਕਾਰ ਛੇਤੀ ਲਿਆਏਗੀ ਕਿਸਾਨਾਂ ਨੂੰ ਕਰਜ਼ੇ ਵਿਚੋਂ ਕੱਢਣ ਲਈ ਨਵੀਂ ਨੀਤੀ
2000 ਕਿਸਾਨਾਂ ਦੇ ਵਰੰਟਾਂ ਦਾ ਮਾਮਲਾ ਸਾਹਮਣੇ ਆਉਣ ਬਾਅਦ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਪਾਰਟੀਆਂ ਨੇ ਕੀਤੀ ਹੈ ਸਰਕਾਰ ਨੂੰ ਘੇਰਨ
ਦੀ ਕੋਸ਼ਿਸ਼
ਚੰਡੀਗੜ੍ਹ, 21 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਵਲੋਂ ਪੰਜਾਬ ਵਿਚ ਡਿਫ਼ਾਲਟਰ ਕਰਜ਼ਈ ਕਿਸਾਨਾਂ ਦੇ ਖੇਤੀ ਬੈਂਕਾਂ ਦੇ ਅਧਿਕਾਰੀਆਂ ਵਲੋਂ ਵਰੰਟ ਕੱਢੇ ਜਾਣ ਅਤੇ ਕੁੱਝ ਕਿਸਾਨਾਂ ਨੂੰ ਫੜ ਕੇ ਉਨ੍ਹਾਂ ਤੋਂ ਜਬਰੀ ਵਸੂਲੀ ਕਰਨ ਦੇ ਛੱਡੇ ਜਾਣ ਦੇ ਮਾਮਲਿਆਂ ਨੂੰ ਲੈ ਕੇ ਸੂਬੇ ਦੀ 'ਆਪ' ਸਰਕਾਰ ਨੂੰ ਘੇਰੇ ਜਾਣ ਬਾਅਦ ਸਰਕਾਰ ਵਲੋਂ ਵੀ ਅਹਿਮ ਬਿਆਨ ਆਇਆ ਹੈ | ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਦੂਜੇ ਨੰਬਰ ਦੇ ਸੀਨੀਅਰ ਕੈਬਨਿਟ ਮੰਤਰੀ ਹਰਪਾਲ ਚੀਮਾ ਜਿਨ੍ਹਾਂ ਕੋਲ ਵਿੱਤ ਦੇ ਨਾਲ ਸਹਿਕਾਰਤਾ ਵਿਭਾਗ ਵੀ ਹੈ, ਨੇ ਕਿਹਾ ਕਿ ਇਹ ਵਰੰਟ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੇ ਹਨ ਪਰ ਮੌਜੂਦਾ ਸਰਕਾਰ ਸਾਰੇ ਵਰੰਟ ਰੱਦ ਕਰੇਗੀ ਅਤੇ ਕਿਸੇ ਕਿਸਾਨ ਦੀ ਗਿ੍ਫ਼ਤਾਰੀ ਨਹੀਂ ਹੋਵੇਗੀ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਨੂੰ ਕਰਜ਼ੇ ਵਿਚੋਂ ਕੱਢਣ ਲਈ ਨਵੀਂ ਨੀਤੀ ਲਿਆਵੇਗੀ |
ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਉਪਰ ਵਰ੍ਹਦੇ ਹੋਏ ਕਿਹਾ ਕਿ ਉਸ ਨੇ ਸੱਤਾ ਵਿਚ ਆਉਣ ਵੇਲੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਮੁਕੰਮਲ ਕਰਜ਼ਾ ਮਾਫ਼ੀ ਦਾ ਵਾਅਦਾ ਕੀਤਾ ਸੀ ਪਰ ਕਰਜ਼ਾ ਮਾਫ਼ ਤਾਂ ਕੀ ਕਰਨਾ ਸੀ ਬਲਕਿ ਜਾਂਦੇ ਜਾਂਦੇ ਵਰੰਟਾਂ ਉਪਰ ਦਸਤਖ਼ਤ ਕਰ ਗਈ ਅਤੇ ਅਧਿਕਾਰੀ ਉਨ੍ਹਾਂ ਹੀ ਵਰੰਟਾਂ ਨੂੰ ਕਾਰਵਾਈ ਵਿਚ ਲਿਆਉਣ ਲੱਗੇ ਸਨ ਪਰ ਮੌਜੂਦਾ ਸਰਕਾਰ ਸਾਰੇ ਹੀ ਵਰੰਟ ਵਾਪਸ ਲੈ ਰਹੀ ਹੈ ਅਤੇ ਕਰਜ਼ਾ ਵਸੂਲੀ ਲਈ ਕਿਸੇ ਕਿਸਾਨ ਦੀ ਗਿ੍ਫ਼ਤਾਰੀ ਬਿਲਕੁਲ ਵੀ ਨਹੀਂ ਹੋਵੇਗੀ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਰੋਜ਼ ਨਿਤ ਨਵੇਂ ਮੁੱਦੇ ਭਾਲ ਕੇ ਨਵੀਂ ਸਰਕਾਰ
ਦੇ ਕੰਮਾਂ ਤੋਂ ਬੁਖਲਾ ਕੇ ਇਸ ਨੂੰ ਬਦਨਾਮ ਕਰਨ 'ਤੇ ਲੱਗੀਆਂ ਹੋਈਆਂ ਹਨ |
ਵੱਖ ਵੱਖ ਜ਼ਿਲਿ੍ਹਆਂ ਵਿਚ 2000 ਕਿਸਾਨਾਂ ਦੇ ਵਰੰਟ ਜਾਰੀ ਹੋਣ ਤੇ ਇਕ ਦੋ ਥਾਵਾਂ ਉਪਰ ਕਿਸਾਨਾਂ ਨੂੰ ਅਧਿਕਾਰੀਆਂ ਵਲੋਂ ਫੜ ਲੈਣ ਬਾਅਦ ਇਸ ਮਾਮਲੇ ਨੇ ਤੁਲ ਫੜਿਆ ਸੀ | ਸਾਰੀਆਂ ਹੀ ਮੁੱਖ ਕਿਸਾਨ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਦਿਆਂ ਅੰਦੋਲਨ ਦੀ ਚੇਤਾਵਨੀ ਦਿਤੀ ਸੀ ਅਤੇ ਵਿਰੋਧੀ ਪਾਰਟੀਆਂ ਨੇ ਵੀ ਬਿਆਨਬਾਜ਼ੀ ਸ਼ੁਰੂ ਕਰ ਦਿਤੀ ਸੀ ਪਰ ਸਹਿਕਾਰਤਾ ਮੰਤਰੀ ਚੀਮਾ ਨੇ ਸਰਕਾਰ ਦਾ ਪੱਖ ਸਪੱਸ਼ਟ ਕਰ ਕੇ ਮਾਮਲੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ |