
ਕੋਰੋਨਾ ਸੰਕਟ ਸਮੇਂ ਸਿੱਖ ਭਾਈਚਾਰੇ ਨੇ ਬਿਨਾਂ ਭੇਦ-ਭਾਵ ਦੇ ਮਾਨਵਤਾ ਦੀ ਸੇਵਾ ਕੀਤੀ : ਗਰਗ
ਚੰਡੀਗੜ੍ਹ, 21 ਮਈ (ਸਪੋਕਸਮੈਨ ਸਮਾਚਾਰ ਸੇਵਾ): ਚੰਡੀਗੜ੍ਹ ‘ਆਪ’ ਦੇ ਕਨਵੀਨਰ ਪ੍ਰੇਮ ਗਰਗ ਨੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਸੰਕਟ ਦੌਰਾਨ ਮਨੁੱਖਤਾ ਦੀ ਬਿਨਾਂ ਵਿਤਕਰੇ ਸੇਵਾ ਕਰਨ ਲਈ ਭਾਰਤ ਸਰਕਾਰ ਨੂੰ ਸਿੱਖ ਭਾਈਚਾਰੇ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿਤੇ ਜਾਣ ਦੀ ਸਿਫ਼ਾਰਸ਼ ਕਰਨੀ ਚਾਹੀਦੀ ਹੈ। ਅਪਣੇ ਇਕ ਟਵੀਟ ਵਿਚ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਦੁਨੀਆਂ ਭਰ ਨੂੰ ਦਰਪੇਸ਼ ਇਸ ਸੰਕਟ ਦੇ ਸਮੇਂ ਬਿਨਾਂ ਧਰਮ ਤੇ ਕੌਮੀਅਤ ਦਾ ਵਿਤਕਰਾ ਕੀਤਿਆਂ ਮੁਫ਼ਤ ਲੰਗਰ ਛਕਾਇਆ ਤੇ ਰਹਿਣ ਲਈ ਠਿਕਾਣੇ ਦਿਤੇ।
File photo
ਇਸ ਲਈ ਇਸ ਕੌਮ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਸ੍ਰੀ ਪ੍ਰੇਮ ਗਰਗ ਨੇ ਅੱਗੇ ਲਿਖਿਆ ਹੈ ਕਿ ਦੁਨੀਆਂ ਉਤੇ ਜਦੋਂ ਵੀ ਕੋਈ ਮੁਸੀਬਤ ਆਈ ਤਾਂ ਸਿੱਖਾਂ ਨੇ ਅਪਣੀ ਤੇ ਅਪਣੇ ਪਰਵਾਰ ਦੀ ਚਿੰਤਾ ਛੱਡ ਕੇ ਸਰਬੱਤ ਦੇ ਭਲੇ ਲਈ ਹਰ ਤਰ੍ਹਾਂ ਦਾ ਯੋਗਦਾਨ ਪਾਇਆ ਤੇ ਬਗ਼ੈਰ ਕਿਸੇ ਸਵਾਰਥ ਦੇ ਕਿਸੇ ਮਜ੍ਹਬ ਜਾਂ ਧਰਮ-ਜਾਤ ਦਾ ਵਿਤਕਰਾ ਕਰੇ ਬਿਨਾਂ ਮਨੁੱਖਤਾ ਦੀ ਸੇਵਾ ਕੀਤੀ, ਇਸ ਲਈ ਦੁਨੀਆਂ ਨੂੰ ਸਿੱਖਾਂ ਨੂੰ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਣਾ ਚਾਹੀਦਾ ਹੈ ਤੇ ਪੂਰੀ ਕੌਮ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕਰਨਾ ਚਾਹੀਦਾ ਹੈ। ਸ੍ਰੀ ਗਰਗ ਨੇ ਉਹ ਉਦਹਾਰਨਾਂ ਵੀ ਦਿਤੀਆਂ ਜਿਥੇ-ਜਿਥੇ ਸਿੱਖਾਂ ਦਾ ਦੂਜੀਆਂ ਕੌਮਾਂ ਵਲੋਂ ਗੱਡੀਆਂ ਤੇ ਹੂਟਰਾਂ ਰਾਹੀਂ ਸਨਮਾਨ ਕੀਤਾ ਗਿਆ।