
ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ 2014 ਵਿਚ ਹਰਿਆਣਾ ਦੀ ਖੱਟੜ ਸਰਕਾਰ ਵਲੋਂ ਵਿਧਾਨ ਸਭਾ ਵਿਚ ਬਿਲ ਪਾਸ ਕਰ ਕੇ ਬਣਾਈ ਗਈ ਸੀ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ 2014 ਵਿਚ ਹਰਿਆਣਾ ਦੀ ਖੱਟੜ ਸਰਕਾਰ ਵਲੋਂ ਵਿਧਾਨ ਸਭਾ ਵਿਚ ਬਿਲ ਪਾਸ ਕਰ ਕੇ ਬਣਾਈ ਗਈ ਸੀ ਜਿਸ ਦਾ ਬਕਾਇਦਾ ਗੁਰਦੁਆਰਾ ਐਕਟ 2014 ਹੋਂਦ ਵਿਚ ਆਇਆ ਐਕਟ ਮੁਤਾਬਕ 41 ਮੈਂਬਰ ਕੁਲ ਨਾਮਜ਼ਦ ਕੀਤੇ ਗਏ ਸਨ ਜੋ ਹਰਿਆਣਾ ਵਿਚ ਹਰਿਆਣਾ ਕਮੇਟੀ ਦੇ ਅਧੀਨ ਆਏ ਗੁਰਦਵਾਰਿਆਂ ਦਾ ਪ੍ਰਬੰਧ ਚਲਾ ਰਹੇ ਸਨ ਪਰ ਪਿਛਲੇ ਸਮੇਂ ਉਨ੍ਹਾਂ ਮੈਂਬਰਾਂ ਵਿਚੋਂ ਕੁੱਝ ਮੈਂਬਰ ਅਕਾਲ ਚਲਾਣਾ ਕਰ ਗਏ, ਕੁੱਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਚਲੇ ਗਏ ਅਤੇ ਕੁੱਝ ਮੈਂਬਰ ਹਰਿਆਣਾ ਕਮੇਟੀ ਦੀਆਂ ਕਾਰਵਾਈਆਂ ਦਾ ਹਿੱਸਾ ਨਹੀਂ ਰਹੇ।
ਇਕ ਮੈਂਬਰ ਨੂੰ ਗ਼ਲਤ ਕਿਰਦਾਰ ਕਾਰਨ ਕਮੇਟੀ ਵਲੋਂ ਬਾਹਰ ਕਰ ਦਿਤਾ ਗਿਆ ਸੀ। ਸੋ ਇਸ ਤਰ੍ਹਾਂ 10 ਮੈਂਬਰਾਂ ਦੀ ਥਾਂ ਖ਼ਾਲੀ ਪਈ ਹੋਈ ਸੀ ਜਿਸ ਵਾਸਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਤੀ ਤੌਰ ’ਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਖ਼ਾਲੀ ਪਏ ਮੈਂਬਰਾਂ ਦੀ ਥਾਂ ਤੇ ਨਵੇਂ 10 ਮੈਂਬਰ ਨਾਮਜ਼ਦ ਕੀਤੇ ਜਾਣ। ਹੁਣ ਹਰਿਆਣਾ ਸਰਕਾਰ ਵਲੋਂ ਹਰਿਆਣਾ ਕਮੇਟੀ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ 10 ਨਵੇਂ ਮੈਂਬਰ ਨਾਮਜ਼ਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਨੇ ਹਰਿਆਣਾ ਕਮੇਟੀ ਦੇ ਮੁੱਖ ਦਫ਼ਤਰ ਗੁਰਦਵਾਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਤੋਂ ਮੀਡੀਆ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਦਸਿਆ ਕਿ ਹਰਿਆਣਾ ਕਮੇਟੀ ਦੇ ਮੈਂਬਰ ਸੰਪੂਰਨ ਸਿੰਘ ਸਿਰਸਾ, ਸੁਰਜੀਤ ਸਿੰਘ ਕੈਥਲ, ਜਗਜੀਤ ਸਿੰਘ ਕਾਲਾ ਪਾਣੀਪਤ, ਭੁਪਿੰਦਰ ਸਿੰਘ ਅਸੰਧ, ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਹਰਪਾਲ ਸਿੰਘ ਪਾਲੀ ਅੰਬਾਲਾ, ਅਮਰੀਕ ਸਿੰਘ ਜਨੇਤਪੁਰ, ਹਰਪ੍ਰੀਤ ਸਿੰਘ ਨਰੂਲਾ, ਬੀਬੀ ਰਾਣਾ ਭੱਟੀ ਅਤੇ ਭੁਪਿੰਦਰ ਸਿੰਘ ਜੌਹਰ ਦੀ ਥਾਂ ਖ਼ਾਲੀ ਪਈ ਸੀ
ਇਨ੍ਹਾਂ ਦਸ ਮੈਂਬਰਾਂ ਦੀ ਥਾਂ ਨਵੇਂ ਦਸ ਮੈਂਬਰ ਜਗਤਾਰ ਸਿੰਘ ਤਾਰੀ ਸਿਰਸਾ, ਨਿਸ਼ਾਨ ਸਿੰਘ ਬੜਤੋਲੀ ਯਮੁਨਾਨਗਰ, ਸੋਹਨ ਸਿੰਘ ਗਰੇਵਾਲ ਸਿਰਸਾ, ਬੀਬੀ ਬਲਜਿੰਦਰ ਕੌਰ ਕੈਥਲ, ਰਾਮ ਸਿੰਘ ਹੰਸ ਰੋਹਤਕ, ਗੁਰਪਾਲ ਸਿੰਘ ਗੋਰਾ ਏਲਨਾਬਾਦ, ਗੁਰਜੀਤ ਸਿੰਘ ਫ਼ਤਿਹਾਬਾਦ , ਪਲਵਿੰਦਰ ਸਿੰਘ ਗੁਰਾਇਆ, ਗੁਰਪ੍ਰਸ਼ਾਦ ਸਿੰਘ ਫ਼ਰੀਦਾਬਾਦ ਮਲਕੀਅਤ ਸਿੰਘ ਪਾਣੀਪਤ ਨੂੰ ਨਾਮਜ਼ਦ ਕੀਤਾ ਗਿਆ।