
ਇਹ ਛਾਪੇਮਾਰੀ ਦੇਰ ਰਾਤ ਤਕ ਜਾਰੀ ਰਹੀ।
ED raids Sunny Enclave MD Bajwa's house: ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇਕ ਟੀਮ ਨੇ ਬੁਧਵਾਰ ਨੂੰ ਬਾਜਵਾ ਡਿਵੈਲਪਰਜ਼ ਦੇ ਐਮ.ਡੀ. ਅਤੇ ਸੰਨੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦੇ ਮੋਹਾਲੀ ਸਥਿਤ ਘਰ ’ਤੇ ਛਾਪਾ ਮਾਰਿਆ। ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਈ ਇਸ ਕਾਰਵਾਈ ਦੌਰਾਨ ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਸੂਤਰਾਂ ਅਨੁਸਾਰ ਈਡੀ ਨੇ ਬਾਜਵਾ ਦੇ ਘਰੋਂ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਜਾਇਦਾਦ ਨਾਲ ਸਬੰਧਤ ਕਾਗਜ਼ਾਤ ਜ਼ਬਤ ਕੀਤੇ ਹਨ। ਇਹ ਛਾਪੇਮਾਰੀ ਦੇਰ ਰਾਤ ਤਕ ਜਾਰੀ ਰਹੀ।
ਜਰਨੈਲ ਸਿੰਘ ਬਾਜਵਾ ਰੋਪੜ ਜੇਲ ’ਚ ਬੰਦ: ਮੋਹਾਲੀ ਪੁਲਿਸ ਜਰਨੈਲ ਸਿੰਘ ਬਾਜਵਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁਕੀ ਹੈ। ਉਸ ’ਤੇ ਕਈ ਲੋਕਾਂ ਤੋਂ ਪੈਸੇ ਲੈਣ ਦਾ ਦੋਸ਼ ਹੈ ਪਰ ਉਨ੍ਹਾਂ ਨੂੰ ਪਲਾਟ ਨਹੀਂ ਦਿਤੇ। ਇਸ ਮਾਮਲੇ ਵਿਚ ਖਰੜ ਪੁਲਿਸ ਸਟੇਸ਼ਨ ਵਿਚ ਕਈ ਐਫ਼ਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਪੰਜਾਬ ਪੁਲਿਸ ਵਲੋਂ ਦਰਜ ਕੀਤੀ ਗਈ ਐਫ਼ਆਈਆਰ ਦੇ ਆਧਾਰ ’ਤੇ ਈਡੀ ਨੇ 2023 ਵਿਚ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਬਾਜਵਾ ਦੀਆਂ ਕੁੱਝ ਜਾਇਦਾਦਾਂ ਨੂੰ ਵੀ ਕੁਰਕ ਅਤੇ ਜ਼ਬਤ ਕਰ ਲਿਆ ਸੀ।
ਸਨੀ ਇਨਕਲੇਵ ’ਚ ਮੁੱਢਲੀਆਂ ਸਹੂਲਤਾਂ ਦੀ ਘਾਟ ’ਤੇ ਹਾਈ ਕੋਰਟ ਦਾ ਦਖ਼ਲ: ਸੰਨੀ ਇਨਕਲੇਵ ਵਿਚ ਮੁੱਢਲੀਆਂ ਸਹੂਲਤਾਂ ਦੀ ਘਾਟ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਬਾਜਵਾ ਡਿਵੈਲਪਰਾਂ ਵਿਰੁਧ ਸਖ਼ਤ ਰੁਖ਼ ਅਪਣਾਇਆ ਹੈ। ਅਦਾਲਤ ਨੇ ਹੁਕਮ ਦਿਤਾ ਹੈ ਕਿ ਬਾਜਵਾ ਡਿਵੈਲਪਰਜ਼ ਦੇ ਨਾ ਵਿਕਣ ਵਾਲੇ ਪਲਾਟਾਂ ਦੀ ਨਿਲਾਮੀ ਕਰ ਕੇ ਅਧੂਰੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪੂਰਾ ਕੀਤਾ ਜਾਵੇ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੇ ਪੈਸੇ ਦੀ ਵਰਤੋਂ ਇਲਾਕੇ ਵਿਚ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀ ਜਾਵੇ।
ਈਡੀ ਕਾਰਵਾਈ ਤੇ ਹੋਰ ਜਾਂਚ: ਈਡੀ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਜਵਾ ਨੇ ਕਈ ਲੋਕਾਂ ਤੋਂ ਕਰੋੜਾਂ ਰੁਪਏ ਲਏ ਪਰ ਨਾ ਤਾਂ ਉਨ੍ਹਾਂ ਨੂੰ ਪਲਾਟ ਦਿਤੇ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਪਹਿਲਾਂ ਵੀ ਈਡੀ ਨੇ ਬਾਜਵਾ ਦੇ ਘਰ ਅਤੇ ਦਫ਼ਤਰ ’ਤੇ ਛਾਪਾ ਮਾਰਿਆ ਸੀ ਅਤੇ 54 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਇਹ ਮਾਮਲਾ ਅਜੇ ਵੀ ਜਾਂਚ ਅਧੀਨ ਹੈ ਅਤੇ ਈਡੀ ਦੀ ਕਾਰਵਾਈ ਜਾਰੀ ਹੈ।