
ਸ਼੍ਰੋਮਣੀ ਅਕਾਲੀ ਦਲ ਅੰਮਿਤ੍ਰਸਰ ਵੱਲੋਂ ਪੰਜਾਬ ਭਰ ਵਿੱਚ ਹਰ ਸਾਲ ਦੀ ਤਰ੍ਹਾਂ 21 ਜੂਨ ਨੂੰ ਯੋਗਾ ਦੀ ਥਾਂ ਗਤਕਾ ਦਿਵਸ ਮਨਾਇਆ ਗਿਆ......
ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਅੰਮਿਤ੍ਰਸਰ ਵੱਲੋਂ ਪੰਜਾਬ ਭਰ ਵਿੱਚ ਹਰ ਸਾਲ ਦੀ ਤਰ੍ਹਾਂ 21 ਜੂਨ ਨੂੰ ਯੋਗਾ ਦੀ ਥਾਂ ਗਤਕਾ ਦਿਵਸ ਮਨਾਇਆ ਗਿਆ। ਜਿਲ੍ਹਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਦੀ ਅਗਵਾਈ ਹੇਠ ਲੁਧਿਆਣਾ ਸ਼ਹਿਰ ਦੇ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਗਊ ਘਾਟ ਸਾਹਿਬ ਵਿਖੇ ਗਤਕਾ ਦਿਵਸ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਰਣਜੀਤ ਅਖਾੜਾ ਦੀ ਗਤਕਾ ਟੀਮ ਵੱਲੋਂ ਮੁੱਖੀ ਸੁਖਦੇਵ ਸਿੰਘ ਖਾਲਸਾ ਦੀ ਅਗਵਾਈ ਹੇਠ ਗਤਕੇ ਦੇ ਜੌਹਰ ਵਿਖਾਏ ਗਏ।
ਇਸ ਮੌਕੇ ਜੱਥੇਦਾਰ ਚੀਮਾ ਨੇ ਕਿਹਾ ਕਿ ਜਦੋਂ ਦੀ ਭਗਵਾਂ ਸੋਚ ਦੀ ਧਾਰਨੀ ਮੋਦੀ ਸਰਕਾਰ ਕੇਂਦਰ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਇਸਨੇ ਸਿੱਖ ਕੌਮ ਨੂੰ ਨਿਗਲਣ ਨਹੀ ਢੰਗ ਤਰੀਕੇ ਲੱਭਣੇ ਸੁਰੂ ਕਰ ਦਿੱਤੇ ਹਨ ਜਿਨ੍ਹਾਂ ਵਿੱਚੋਂ ਯੋਗਾ ਵੀ ਇੱਕ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਪਰ ਇਸ ਨੂੰ ਹਿੰਦੂ ਧਰਮ ਦਾ ਅੰਗ ਸਾਬਿਤ ਕਰਨ ਲਈ ਮੋਦੀ ਸਰਕਾਰ ਦਾ ਜੋਰ ਲੱਗਾ ਹੈ।
ਉਨ੍ਹਾਂ ਕਿਹਾ ਕਿ ਯੋਗਾ ਨਾਲ ਸਿੱਖ ਕੌਮ ਜਾਂ ਧਰਮ ਦਾ ਕੋਈ ਵੀ ਸਬੰਧ ਨਹੀ ਪਰ ਸਿੱਖਾਂ ਦੇ ਬਹਾਦਰੀ ਭਰੇ ਗਰਮ ਖੂਨ ਨੂੰ ਠੰਢਾ ਕਰਨ ਲਈ ਇਸ ਨੂੰ ਸਿੱਖਾਂ ਸਿਰ ਜਬਰੀ ਥੋਪਿਆ ਜਾ ਰਿਹਾ ਹੈ ਜਿਸ ਨੂੰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਦੇ ਬਰਦਾਸਤ ਨਹੀ ਕਰੇਗਾ। ਉਨ੍ਹਾਂ ਸਮੁੱਚੇ ਪੰਥ ਨੂੰ ਯੋਗਾ ਦੀ ਬਜਾਏ ਗਤਕਾ ਖੇਡਣ ਲਈ ਪ੍ਰੇਰਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਜੂਨ ਨੂੰ ਯੋਗਾ ਦਿਵਸ ਦੀ ਥਾਂ ਤੇ ਗਤਕਾ ਦਿਵਸ ਮਨਾਇਆ ਹੈ। ਜੱਥੇਦਾਰ ਚੀਮਾ ਵੱਲੋਂ ਗਤਕਾ ਟੀਮ ਦੇ ਸਾਰੇ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ।