
ਸ਼ਹਿਰ ਵਿਚ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਇਕ ਏਸੀ ਦਾ ਪੱਖਾ ਫੱਟਣ ਨਾਲ ਏਸੀ ਮਕੈਨਿਕ ਦੀ ਮੌਕੇ ਉਤੇ.....
ਗੜ੍ਹਸ਼ੰਕਰ, 21 ਜੂਨ (ਪਪ): ਸ਼ਹਿਰ ਵਿਚ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਇਕ ਏਸੀ ਦਾ ਪੱਖਾ ਫੱਟਣ ਨਾਲ ਏਸੀ ਮਕੈਨਿਕ ਦੀ ਮੌਕੇ ਉਤੇ ਮੌਤ ਹੋ ਗਈ ਅਤੇ ਉਸ ਦਾ ਇਕ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਸਬਜ਼ੀ ਮੰਡੀ ਗੜ੍ਹਸ਼ੰਕਰ ਵਿਖੇ ਸਥਿਤ ਇਕ ਕੇਲਿਆਂ ਦੇ ਗੋਦਾਮ ਦੇ ਮਾਲਕ ਨੌਸ਼ਾਦ ਪੁੱਤਰ ਅਲਾਉਦੀਨ ਵਾਸੀ ਬੁਢਾਣਾ ਜ਼ਿਲ੍ਹਾ ਮੁਜ਼ੱਫਰਨਗਰ ਯੂ.ਪੀ. ਹਾਲ ਵਾਸੀ ਸਬਜ਼ੀ ਮੰਡੀ ਗੜ੍ਹਸ਼ੰਕਰ ਦੇ ਗੋਦਾਮ ਵਿਚ ਤਿੰਨ ਏ.ਸੀ. ਮਕੈਨਿਕ ਗੋਦਾਮ ਵਿਚ ਲੱਗੇ ਏ.ਸੀ. ਦੀ ਰਿਪੇਅਰ ਕਰਨ ਆਏ ਹੋਏ ਸਨ। ਉਨ੍ਹਾਂ ਵਿਚੋਂ ਇਕ ਅੰਦਰ ਅਤੇ ਦੋ ਮਕੈਨਿਕ ਬਾਹਰ ਲੱਗੇ ਪੱਖਿਆਂ ਕੋਲ ਮੁਰੰਮਤ ਕਰ ਰਹੇ ਸਨ।
ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਦਸਿਆ ਕਿ ਇਕਦਮ ਬਾਹਰ ਜ਼ਬਰਦਸਤ ਧਮਾਕਾ ਹੋਇਆ ਤਾਂ ਉਨ੍ਹਾਂ ਆ ਕੇ ਵੇਖਿਆ ਤਾਂ ਦੋਵੇਂ ਮਕੈਨਿਕ ਹੇਠਾਂ ਡਿੱਗੇ ਹੋਏ ਸਨ। ਦੁਰਘਟਨਾ ਦੌਰਾਨ ਸੁਰਿੰਦਰ (33) ਪੁੱਤਰ ਓਮ ਪ੍ਰਕਾਸ਼ ਵਾਸੀ ਰੁੜਕੀ ਜ਼ਿਲ੍ਹਾ ਰੋਹਤਕ ਹਰਿਆਣਾ ਦੇ ਸਿਰ ਦਾ ਇਕ ਪਾਸਾ ਹੀ ਉੱਡ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਘਟਨਾ ਦੌਰਾਨ ਅੰਚਲ (42) ਪੁੱਤਰ ਰਜਿੰਦਰ ਵਾਸੀ ਰੋਹਤਕ ਹਰਿਆਣਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਭਰਤੀ ਕਰਵਾਇਆ ਗਿਆ। ਹਾਦਸੇ ਦੌਰਾਨ ਜ਼ਖ਼ਮੀ ਹੋਏ ਅੰਚਲ ਦੇ ਸਕੇ ਭਰਾ ਸੰਦੀਪ ਜੋ ਉਨ੍ਹਾਂ ਦੇ ਨਾਲ ਹੀ ਮੁਰੰਮਤ ਕਰਨ ਆਇਆ ਹੋਇਆ ਸੀ, ਨੇ ਦਸਿਆ ਕਿ ਮੁਰੰਮਤ ਦੌਰਾਨ ਸਾਰੇ ਏਸੀ ਬੰਦ ਸਨ ਪਰ ਫਿਰ ਵੀ ਕਿਵੇਂ ਧਮਾਕਾ ਹੋ ਗਿਆ?
ਇਸ ਬਾਰੇ ਕੁੱਝ ਨਹੀਂ ਕਹਿ ਸਕਦੇ। ਸੰਦੀਪ ਨੇ ਦਸਿਆ ਕਿ ਏਸੀ ਦੀ ਲੀਕੇਜ ਕਾਰਨ ਉਹ ਮੁਰੰਮਤ ਕਰਨ ਲਈ ਇਕ ਦਿਨ ਪਹਿਲਾਂ ਦੇ ਪਹੁੰਚੇ ਹੋਏ ਸਨ। ਉਨ੍ਹਾਂ ਵਲੋਂ ਇਕ ਏਸੀ ਦੀ ਰਿਪੇਅਰ ਕਰ ਦਿਤੀ ਗਈ ਸੀ ਜਦਕਿ ਦੋ ਹੋਰ ਕਰਨ ਵਾਲੇ ਰਹਿੰਦੇ ਸਨ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।