
ਅੱਜ ਨਵਜੋਤ ਸਿੰਘ ਸਿੱਧੂ ਜਾਂ ਪ੍ਰਤੀਨਿਧ ਵਲੋਂ ਮਿਲਣ ਦੀ ਸੰਭਾਵਨਾ
ਅੰਮ੍ਰਿਤਸਰ, 21 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਸੰਮਨਾਂ ਦੇ ਮਸਲੇ ਵਿਚ ਬਿਹਾਰ ਪੁਲਿਸ ਵਲੋਂ ਚਰਚਿਤ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਦੀ ਕੋਠੀ ਅੱਗੇ ਡੇਰੇ ਲਾਉਣ ਨਾਲ ਸਿੱਧੂ ਮੁੜ ਮੀਡੀਆ ਦੀਆਂ ਸੁਰਖੀਆਂ ਵਿਚ ਆ ਗਏ ਹਨ। ਬਿਹਾਰ ਪੁਲਿਸ ਸਿੱਧੂ ਜਾਂ ਉਨ੍ਹਾਂ ਦੇ ਵਕੀਲ ਨੂੰ ਮਿਲਣ ਲਈ ਉਤਾਵਲੀ ਹੈ। ਚਰਚਾ ਮੁਤਾਬਕ ਨਵਜੋਤ ਸਿੰਘ ਸਿੱਧੂ ਘਰ ਦੇ ਅੰਦਰ ਹਨ ਤੇ 2 ਦਿਨ ਤੋਂ ਲਾਕਡਾਊਨ ਕਾਰਨ, ਉਂਝ ਕਿਸੇ ਨੂੰ ਨਹੀ ਮਿਲ ਰਹੇ।
File
ਸੋਮਵਾਰ ਨੂੰ ਲਾਕਡਾਊਨ ਖੁਲ੍ਹ ਰਿਹਾ ਹੈ ਤੇ ਸਿੱਧੂ ਜਾਂ ਉਨ੍ਹਾਂ ਦੇ ਕਿਸੇ ਪ੍ਰਤੀਨਿਧ ਦੁਆਰਾ ਮਿਲਣ ਦੀ ਸੰਭਾਵਨਾ ਹੈ। ਬਿਹਾਰ ਪੁਲਿਸ ਜ਼ਿਲ੍ਹਾ ਕਟਿਆਰ ਥਾਣਾ ਵਰਸੋਈ ਤੋਂ ਆਈ ਹੈ ਜਿਥੇ ਦੇ ਕਸਬੇ ਵਿਚ ਸੰਨ 2019 ਦੀਆਂ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਦਰਸ਼ ਮਾਡਲ ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਦਿਆਂ ਕਿਸੇ ਫ਼ਿਰਕੇ ਵਿਰੁਧ ਭਾਸ਼ਣ ਕਰਨ 'ਤੇ ਤਿੱਖਾ ਇਤਰਾਜ਼ ਹੋਣ ਉਪਰੰਤ ਉਨ੍ਹਾਂ ਵਿਰੁਧ ਪਰਚਾ ਦਰਜ ਹੋਇਆ ਸੀ। ਬਿਹਾਰ ਪੁਲਿਸ ਦੇ ਦੋ ਸਬ-ਇੰਸਪੈਕਟਰਾਂ ਨੇ ਦਸਿਆ ਕਿ ਜੇਕਰ ਸਿੱਧੂ ਨਹੀਂ ਮਿਲਦੇ ਤਾਂ ਉਹ ਇਸ ਸਬੰਧੀ ਰੀਪੋਰਟ ਉੱਚ ਅਧਿਕਾਰੀਆਂ ਨੂੰ ਕਰਨਗੇ ਤਾਂ ਜੋ ਨਿਯਮਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਸਕੇ।