
ਵਿਭਾਗ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਵਿਦੇਸ਼ ਛੁੱਟੀ ਸਿਰਫ਼ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਹੀ ਲਈ ਜਾਵੇ।
ਚੰਡੀਗੜ੍ਹ: ਵਿਦੇਸ਼ ਜਾਣ ਵਾਲੇ ਅਧਿਆਪਕਾਂ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨਵਾਂ ਫੁਰਮਾਨ ਜਾਰੀ ਕੀਤਾ ਹੈ। ਦਰਅਸਲ ਸਿੱਖਿਆ ਵਿਭਾਗ ਨੇ ਵਿਦੇਸ਼ ਛੁੱਟੀ ਦੀ ਪ੍ਰਵਾਨਗੀ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸਿੱਖਿਆ ਵਿਭਾਗ ਦੇ ਇਹ ਹੁਕਮ ਵਿਸ਼ੇਸ਼ ਤੌਰ 'ਤੇ ਗਰਮੀ ਦੀਆਂ ਛੁੱਟੀਆਂ ਛੱਡ ਕੇ ਅਗਲੇ ਮਹੀਨਿਆਂ ਦੌਰਾਨ ਛੁੱਟੀਆਂ ਬਿਤਾਉਣ ਲਈ ਵਿਦੇਸ਼ ਵਾਲੇ ਅਧਿਆਪਕਾਂ ਲਈ ਹੈ।
ਨੋਟੀਫਿਕੇਸ਼ਨ ਵਿਚ ਲਿਖਿਆ ਗਿਆ ਹੈ ਕਿ ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਵਿਭਾਗ ਦੇ ਕਈ ਕਰਮਚਾਰੀਆਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੀ ਬਜਾਏ ਆਉਣ ਵਾਲੇ ਮਹੀਨਿਆਂ ਦੌਰਾਨ ਵਿਦੇਸ਼ ਵਿਚ ਆਪਣੇ ਰਿਸ਼ਤੇਦਾਰਾਂ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾਂ ਫਿਰ ਸੈਰ-ਸਪਾਟੇ ਲਈ ਵਿਦੇਸ਼ ਛੁੱਟੀ ਅਪਲਾਈ ਕੀਤੀ ਜਾ ਰਹੀ ਹੈ।
ਵਿਭਾਗ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਜ਼ੋਰਾ ’ਤੇ ਹੋਵੇਗੀ, ਅਧਿਆਪਕਾਂ ਦੇ ਵਿਦੇਸ਼ ਛੁੱਟੀ ’ਤੇ ਜਾਣ ਕਾਰਨ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ। ਇਸ ਲਈ ਵਿਭਾਗ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਵਿਦੇਸ਼ ਛੁੱਟੀ ਸਿਰਫ਼ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਹੀ ਲਈ ਜਾਵੇ।