
ਕੰਬੋਡੀਆ ਦੀ ਮੇਕਾਂਗ ਨਦੀ ’ਚ ਮਿਲੀ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਮੱਛੀ
ਬੈਂਕਾਕ, 21 ਜੂਨ : ਕੰਬੋਡੀਆ ਦੀ ਮੇਕਾਂਗ ਨਦੀ ’ਚ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ (ਫਰੈਸ਼ ਵਾਟਰ) ਦੀ ਮੱਛੀ ਸਟਿੰਗਰੇ ਮਿਲੀ ਹੈ। ਕੰਬੋਡੀਆ ਅਤੇ ਅਮਰੀਕਾ ਦੇ ਵਿਗਿਆਨੀਆਂ ਨੇ ਇਹ ਜਾਣਕਾਰੀ ਦਿਤੀ। ਕੰਬੋਡੀਆ ਅਤੇ ਅਮਰੀਕਾ ਦੇ ਇਕ ਸੰਯੁਕਤ ਖੋਜ ਪ੍ਰੋਜੈਕਟ ‘ਵੰਡਰਸ ਆਫ਼ ਦਿ ਮੇਕਾਂਗ’ ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਦੇ ਅਨੁਸਾਰ, 13 ਜੂਨ ਨੂੰ ਇਕ ਸਟਿੰਗਰੇ ਮੱਛੀ ਫੜੀ ਗਈ, ਜੋ ਲਗਭਗ ਚਾਰ ਮੀਟਰ ਲੰਬੀ ਹੈ ਅਤੇ ਉਸ ਦਾ ਭਾਰ 300 ਕਿਲੋਗ੍ਰਾਮ ਤੋਂ ਥੋੜ੍ਹਾ ਘੱਟ ਸੀ। ਗਰੁੱਪ ਨੇ ਦਸਿਆ ਕਿ ਇਸ ਤੋਂ ਪਹਿਲਾਂ 2005 ਵਿਚ ਥਾਈਲੈਂਡ ਵਿਚ ਤਾਜ਼ੇ ਪਾਣੀ ਦੀ 293 ਕਿਲੋਗ੍ਰਾਮ ਕੈਟਫਿਸ਼ ਫੜੀ ਗਈ ਸੀ। ਬਿਆਨ ਅਨੁਸਾਰ, ਉੱਤਰ-ਪੂਰਬੀ ਕੰਬੋਡੀਆ ਵਿਚ ਸਟੰਗ ਟ੍ਰੈਂਗ ਦੇ ਦੱਖਣ ਵਿਚ ਇਕ ਸਥਾਨਕ ਮਛੇਰੇ ਨੇ ‘ਸਟਿੰਗਰੇ’ ਨੂੰ ਫੜਿਆ। ਇਸ ਤੋਂ ਬਾਅਦ ਉਸ ਨੇ ‘ਵੰਡਰਜ਼ ਆਫ਼ ਦਿ ਮੇਕਾਂਗ’ ਪ੍ਰੋਜੈਕਟ ਦੇ ਵਿਗਿਆਨੀਆਂ ਦੀ ਟੀਮ ਨੂੰ ਇਸ ਦੀ ਸੂਚਨਾ ਦਿਤੀ। ‘ਵੰਡਰਜ਼ ਆਫ਼ ਦਿ ਮੇਕਾਂਗ’ ਪ੍ਰੋਜੈਕਟ ਦੇ ਮੁਖੀ ਜੇਬ ਹੋਗਨ ਨੇ ਕਿਹਾ, ‘‘ਜਦੋਂ ਤੁਸੀਂ, ਖ਼ਾਸ ਕਰਕੇ ਤਾਜ਼ੇ ਪਾਣੀ ਵਿਚ ਇੰਨੇ ਵੱਡੇ ਆਕਾਰ ਦੀ ਮੱਛੀ ਨੂੰ ਦੇਖਦੇ ਹੋ, ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਂਦਾ, ਇਸ ਲਈ ਮੈਂ ਅਤੇ ਮੇਰੀ ਟੀਮ ਕਾਫ਼ੀ ਹੈਰਾਨ ਰਹਿ ਗਏ।” (ਏਜੰਸੀ)
ਤਾਜ਼ੇ ਪਾਣੀ ਦੀਆਂ ਮੱਛੀਆਂ, ਉਨ੍ਹਾਂ ਮੱਛੀਆਂ ਨੂੰ ਕਿਹਾ ਜਾਂਦਾ ਹੈ ਜੋ ਆਪਣਾ ਸਾਰਾ ਜੀਵਨ ਤਾਜ਼ੇ ਪਾਣੀ ਵਿਚ ਬਿਤਾਉਂਦੀਆਂ ਹਨ। (ਏਜੰਸੀ)