
ਪਰਵਾਰ ਦੀ ਮਦਦ ਕਰਨ 'ਚ ਸਰਕਾਰਾਂ ਫੇਲ, ਸਮਾਜ ਸੇਵੀਆਂ ਨੇ ਫੜੀ ਬਾਂਹ
ਨਾਭਾ (ਐਸ ਕੇ ਸ਼ਰਮਾ ਨਾਭਾ) : ਸਪੋਕਸਮੈਨ ਟੀਵੀ ਵਲੋਂ ਨਾਭਾ ਦੇ ਪਿੰਡ ਰਾਇਮਾਲ ਮਾਜਰੀ ਦੇ ਇਕ ਗ਼ਰੀਬ ਪਰਵਾਰ ਦੀ ਦਾਸਤਾਨ ਜਗ ਜ਼ਾਹਿਰ ਕੀਤੀ ਗਈ ਸੀ ਜਿਸ ਵਿਚ ਕਿ ਇਕ ਗ਼ਰੀਬ ਪਰਵਾਰ ਪਿਛਲੇ 72 ਸਾਲ ਤੋਂ ਦੀਵੇ ਦੀ ਲੋਅ ਹੇਠ ਹੀ ਅਪਣੀ ਜਿੰਦਗੀ ਕੱਟ ਕਰ ਰਿਹਾ ਸੀ। ਇਸ ਗ਼ਰੀਬ ਪਰਵਾਰ ਵਲੋਂ ਕਈ ਵਾਰ ਸਰਕਾਰਾਂ ਕੋਲ ਗੁਹਾਰ ਲਗਾਈ ਗਈ ਸੀ ਕਿ ਉਹਨਾਂ ਦੇ ਘਰ ਬਿਜਲੀ-ਪਾਣੀ ਦਾ ਕੁਨੈਕਸ਼ਨ ਦਿੱਤਾ ਜਾਵੇ ਪਰ ਹੁਣ ਸਪੋਕਸਮੈਨ ਟੀਵੀ ਜ਼ਰੀਏ ਖਬਰ ਸਾਹਮਣੇ ਆਉਣ ਤੋਂ ਬਾਅਦ ਇਸ ਗਰੀਬ ਪਰਿਵਾਰ ਨੂੰ ਬਿਜਲੀ ਦਾ ਕੁਨੈਕਸ਼ਨ ਮਿਲ ਗਿਆ ਹੈ।
ਪਾਣੀ ਦਾ ਸੋਮਾ ਵੀ ਉਪਲਭਧ ਹੋ ਗਿਆ ਹੈ। ਇਸ ਮੌਕੇ 100 ਸਾਲਾਂ ਤੋ ਵੱਧ ਉਮਰ ਦੀ ਮਾਤਾ ਸੱਤਿਆ ਦੇਵੀ ਨੇ ਕਿਹਾ ਕਿ ਪਰਵਾਰ ਦੀ ਮਾੜੀ ਆਰਥਕ ਸਥਿਤੀ ਕਾਰਨ ਅੱਜ ਤੱਕ ਉਨ੍ਹਾਂ ਦੇ ਘਰ ਬਿਜਲੀ ਅਤੇ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਨਹੀਂ ਲੱਗ ਸਕਿਆ ਸੀ। ਖ਼ਬਰ ਲੱਗਣ ਤੋਂ ਬਾਅਦ ਹੀ ਉਨ੍ਹਾਂ ਦੇ ਘਰ ਵਿਚ ਵੱਖ-ਵੱਖ ਸੰਸਥਾਵਾਂ ਵਲੋਂ ਬਿਜਲੀ ਦਾ ਕੁਨੈਕਸ਼ਨ, ਟੂਟੀ ਦਾ ਕੁਨੈਕਸ਼ਨ, ਰਾਸ਼ਨ ਦਾ ਹਰ ਸਮਾਨ ਮੁਹਈਆ ਕਰਵਾ ਮਦਦ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਆਈ ਬਿਜਲੀ ਦੇ ਚਾਨਣ ਨਾਲ ਉਹ ਬਹੁਤ ਖ਼ੁਸ਼ ਹਨ।
Rozana Spokesman
ਇਸ ਪਰਵਾਰ ਦੇ ਘਰ ਵਿਚ ਮੀਟਰ ਲਗਾਉਣ ਵਾਲੇ ਸਮਾਜ ਸੇਵੀ ਹਰਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਖ਼ਬਰ ਦੇਖੀ ਤਾਂ ਉਹ ਬਜ਼ੁਰਗ ਮਾਤਾ ਦੇ ਘਰ ਆਇਆ ਅਤੇ ਮੀਟਰ ਲਗਵਾਇਆ। ਉਧਰ ਬਿਜਲੀ ਬੋਰਡ ਦੇ ਐਸ.ਡੀ.ਓ. ਦਿਨੇਸ਼ ਕੁਮਾਰ ਨੇ ਕਿਹਾ ਕਿ ਇਸ ਗਰੀਬ ਪਰਿਵਾਰ ਦਾ ਬਿੱਲ ਭਰਨ ਦੀ ਜਿੰਮੇਵਾਰੀ ਉਹ ਆਪ ਲੈਂਦੇ ਹਨ। ਇਸ ਲਈ ਇਸ ਪਰਿਵਾਰ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਗਰੀਬ ਪਰਵਾਰ ਦੀ ਮਦਦ ਕਰਨ ਵਿਚ ਸਾਰੀਆਂ ਸਰਕਾਰਾਂ ਫੇਲ ਰਹੀਆਂ ਅਤੇ ਵੱਖ-ਵੱਖ ਸੰਸਥਾਵਾਂ ਨੇ ਗ਼ਰੀਬ ਪਰਵਾਰ ਨੂੰ ਸੰਭਾਲਿਆ।
ਭਾਰਤ ਨੂੰ 'ਡਿਜੀਟਲ ਇੰਡੀਆ' ਬਣਾਉਣ ਦੇ ਦਾਅਵੇ ਉਸ ਸਮੇਂ ਹਵਾ ਹੁੰਦੇ ਨਜ਼ਰ ਆ ਜਾਂਦੇ ਹਨ ਜਦੋਂ ਗਰੀਬ ਅਤੇ ਲੋੜਵੰਦ ਪਰਿਵਾਰ ਨੂੰ ਇਸ ਕਦਰ ਰੁਲਦੇ ਵੇਖਿਆ ਜਾਂਦਾ ਹੈ ਪਰ ਇਨ੍ਹਾਂ ਮਦਦਗਾਰਾਂ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਇਸ ਗ਼ਰੀਬ ਪਰਵਾਰ ਦੇ 72 ਸਾਲ ਦੇ ਹਨ੍ਹੇਰੇ ਨੂੰ ਦੂਰ ਕਰ ਦਿੱਤਾ ਹੈ ਅਤੇ ਇਹ ਪਰਵਾਰ ਫੁੱਲਿਆ ਨਹੀਂ ਸਮਾ ਰਿਹਾ।