
ਪ੍ਰਸ਼ਾਸਨ ਨੇ ਦੋਵਾਂ ਧਿਰਾਂ ਨੂੰ ਆਖਿਆ, ਆਪੋ ਅਪਣੀ ਮਾਲਕੀ ਕਰੋ ਸਿੱਧ
ਕੋਟਕਪੂਰਾ, 21 ਜੁਲਾਈ (ਗੁਰਿੰਦਰ ਸਿੰਘ) : ਸਥਾਨਕ ਮੁਕਤਸਰ ਸੜਕ ’ਤੇ ਸਥਿਤ ਗੁਰਦਵਾਰਾ ਸਾਹਿਬ (ਪ੍ਰਵਾਨੇ ਵਾਲਾ) ਦੀ ਝਗੜੇ ਵਾਲੀ ਬਹੁਕਰੋੜੀ ਜਾਇਦਾਦ ਨੂੰ ਆਖ਼ਰ ਪੰਜਾਬ ਸਰਕਾਰ ਨੇ ਅਪਣੇ ਕਬਜ਼ੇ ’ਚ ਲੈ ਹੀ ਲਿਆ ਕਿਉਂਕਿ ਉਕਤ ਵਿਵਾਦ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਮੁਹੱਲਾ ਸੁਰਗਾਪੁਰੀ ਦੇ ਉਕਤ ਗੁਰਦਵਾਰਾ ਸਾਹਿਬ ਦੇ ਮਾਲਕਾਨਾਂ ਹੱਕਾਂ ਨੂੰ ਲੈ ਕੇ ਦੋ ਧਿਰਾਂ ’ਚ ਤਣਾਅ ਬਣਿਆ ਹੋਇਆ ਸੀ।
ਉਪ ਮੰਡਲ ਮੈਜਿਸਟ੍ਰੇਟ ਮੇਜਰ ਅਮਿਤ ਸਰੀਨ ਨੇ ਅਪਣੇ ਅਧਿਕਾਰਾਂ ਮੁਤਾਬਕ ਉਕਤ ਗੁਰਦਵਾਰਾ ਸਾਹਿਬ ਦੀ ਜ਼ਮੀਨ ’ਤੇ ਸੀਆਰਪੀਸੀ ਦੀ ਧਾਰਾ 145 ਲਾਗੂ ਕਰਦਿਆਂ ਦੋਵਾਂ ਧਿਰਾਂ ਦੇ ਗੁਰਦਵਾਰੇ ’ਚ ਆਉਣ ’ਤੇ ਪਾਬੰਦੀ ਲਾ ਦਿਤੀ ਹੈ। ਉਂਝ ਸਮੇਂ-ਸਮੇਂ ਐਗਜੈਕਟਿਵ ਮੈਜਿਸਟੇ੍ਰਟ ਜ਼ਮੀਨ ਦਾ ਮੁਆਇਨਾ ਕਰਦੇ ਰਹਿਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਨੇ ਕੁੱਝ ਜ਼ਮੀਨ ਗੁਰਦਵਾਰਾ ਬਣਾਉਣ ਲਈ ਦਾਨ ਕੀਤੀ ਸੀ।
ਗੁਰਦਵਾਰੇ ’ਚ ਲੱਗੇ ਸਥਾਪਨਾ ਪੱਥਰ ਮੁਤਾਬਕ 15 ਦਸੰਬਰ 1988 ਨੂੰ ਗੁਰਦਵਾਰਾ ਸਾਹਿਬ ਦੀ ਇਮਾਰਤ ਦੀ ਕਾਰਸੇਵਾ ਸ਼ੁਰੂ ਹੋਈ। ਲਗਾਤਾਰ ਕਈ ਸਾਲ ਇਸ ਗੁਰਦਵਾਰੇ ਅੰਦਰ ਗੁਰਮਰਿਆਦਾ ਮੁਤਾਬਕ ਨਿਤਨੇਮ ਹੁੰਦਾ ਰਿਹਾ ਪਰ 6 ਕੁ ਮਹੀਨੇ ਪਹਿਲਾਂ ਗੁਰਦਵਾਰੇ ਦੀ ਜਾਇਦਾਦ ਦਾ ਕੱੁਝ ਹਿੱਸਾ ਗੁਰਮੀਤ ਸਿੰਘ ਮੀਤਾ ਨਾਂਅ ਦੇ ਵਿਅਕਤੀ ਵਲੋਂ ਸ਼ਰਧਾਲੂਆਂ ਅਤੇ ਹੋਰ ਸੇਵਾਦਾਰਾਂ ਨੂੰ ਵਿਸ਼ਵਾਸ ’ਚ ਲਏ ਤੋਂ ਬਿਨਾਂ ਵੇਚ ਦਿਤਾ ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਗੁਰਮੀਤ ਸਿੰਘ ਮੀਤਾ ਤੇ ਉਸ ਦੇ ਸਾਥੀਆਂ ਦਾ ਵਿਰੋਧ ਕਰਨ ਲਈ ਸੰਗਤਾਂ ਨੇ ਫ਼ੈਸਲਾ ਕੀਤਾ ਕਿ ਉਹ ਗੁਰਦਵਾਰੇ ਦੀ ਇਮਾਰਤ ਅਤੇ ਹੋਰ ਜਾਇਦਾਦ ਵਾਪਸ ਲੈਣ ਲਈ ਪ੍ਰਸ਼ਾਸਨ ਦਾ ਸਹਿਯੋਗ ਲੈਣ ਤੋਂ ਗੁਰੇਜ ਨਹੀਂ ਕਰਨਗੇ।
ਗੁਰਮੀਤ ਸਿੰਘ ਨੇ ਇਸ ਨੂੰ ਅਪਣੇ ਚਾਚੇ ਦੀ ਜਾਇਦਾਦ ਆਖਦਿਆਂ ਹੱਕ ਜਤਾਇਆ, ਜਦਕਿ ਮੁਹੱਲਾ ਵਾਸੀਆਂ ਅਤੇ ਸ਼ਰਧਾਲੂਆਂ ਨੇ ਸਿੱਧ ਕਰ ਦਿਤਾ ਕਿ ਗੁਰਦਵਾਰਾ ਸਾਹਿਬ ਦੇ ਨਾਮ ਲੱਗਦੀ ਸਾਰੀ ਜਾਇਦਾਦ ਗੁਰੂ ਗ੍ਰੰਥ ਸਾਹਿਬ ਦੇ ਨਾਮ ’ਤੇ ਹੈ। ਸ਼ਰਧਾਲੂਆਂ ਨੇ ਉਕਤ ਵਿਵਾਦ ਦੇ ਨਿਪਟਾਰੇ ਲਈ 11 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਤਾਂ ਗੁਰਮੀਤ ਸਿੰਘ ਮੀਤਾ ਨੇ ਉਕਤ ਗੁਰਦਵਾਰਾ ਬੁੱਢਾ ਦਲ ਦੇ ਹਵਾਲੇ ਕਰਨ ਦਾ ਐਲਾਨ ਕਰ ਦਿਤਾ ਤਾਂ ਹੁਣ ਬੁੱਢਾ ਦਲ ਨੇ ਵੀ ਇਸ ਉਪਰ ਅਪਣਾ ਹੱਕ ਜਤਾਉਂਦਿਆਂ ਪ੍ਰਸ਼ਾਸਨ ਤੋਂ ਗੁਰਦਵਾਰਾ ਉਸ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਜ਼ਮੀਨੀ ਵਿਵਾਦ ਦਾ ਮੁੱਦਾ ਗੰਭੀਰ ਹੁੰਦਾ ਦੇਖ ਕੇ ਪ੍ਰਸ਼ਾਸਨ ਨੇ ਮਾਮਲੇ ਦੀ ਸੁਣਵਾਈ ਸ਼ੁਰੂ ਕਰਦਿਆਂ ਦੋਵਾਂ ਧਿਰਾਂ ਨੂੰ ਆਪੋ ਅਪਣੀ ਮਾਲਕੀ ਸਾਬਤ ਕਰਨ ਲਈ ਆਖਿਆ ਹੈ।