
59.60 ਮੀਟਰ ਨੇਜ਼ਾ ਸੁੱਟ ਕੇ ਅਨੂ ਰਾਣੀ ਲਗਾਤਾਰ ਦੂਜੀ ਵਾਰ ਫ਼ਾਈਨਲ 'ਚ
ਯੂਜੀਨ, 21 ਜੁਲਾਈ: ਭਾਰਤ ਦੀ ਨੇਜ਼ਾ ਸੁੱਟ ਅਥਲੀਟ ਅਨੂ ਰਾਣੀ ਨੇ ਵੀਰਵਾਰ ਨੂੰ ਇਥੇ ਅਪਣੀ ਆਖ਼ਰੀ ਕੋਸ਼ਿਸ਼ ਵਿਚ 59.60 ਮੀਟਰ ਨੇਜ਼ਾ ਸੁੱਟ ਕੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫ਼ਾਈਨਲਜ਼ ਲਈ ਕੁਆਲੀਫ਼ਾਈ ਕੀਤਾ |
ਅਨੂ 'ਤੇ ਸ਼ੁਰੂ 'ਚ ਹੀ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ ਕਿਉਂਕਿ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਫ਼ਾਊਲ ਹੋ ਗਈ ਸੀ ਜਦਕਿ ਦੂਜੀ ਕੋਸ਼ਿਸ਼ ਵਿਚ ਉਹ 55.35 ਮੀਟਰ ਤਕ ਹੀ ਨੇਜ਼ਾ ਸੁੱਟ ਸਕੀ ਸੀ | ਆਖ਼ਰ ਵਿਚ ਉਹ 59.60 ਮੀਟਰ ਨੇਜ਼ਾ ਸੁੱਟਣ ਵਿਚ ਕਾਮਯਾਬ ਰਹੀ ਜੋ ਫ਼ਾਈਨਲਜ਼ ਵਿਚ ਥਾਂ ਬਣਾਉਣ ਲਈ ਕਾਫੀ ਸੀ |
ਉਹ ਗਰੁੱਪ ਬੀ ਕੁਆਲੀਫ਼ਿਕੇਸ਼ਨ ਵਿਚ ਪੰਜਵੇਂ ਸਥਾਨ 'ਤੇ ਰਹੀ ਤੇ ਉਨ੍ਹਾਂ ਨੇ ਦੋਵਾਂ ਗਰੁੱਪਾਂ ਵਿਚ ਅੱਠਵੀਂ ਸਰਬੋਤਮ ਕੋਸ਼ਿਸ਼ ਦੇ ਆਧਾਰ 'ਤੇ ਫ਼ਾਈਨਲਜ਼ ਵਿਚ ਥਾਂ ਬਣਾਈ | ਇਹ 29 ਸਾਲਾ ਰਾਸ਼ਟਰੀ ਰਿਕਾਰਡ ਹਾਸਲ 60 ਮੀਟਰ ਤਕ ਨਹੀਂ ਪੁੱਜ ਸਕੀ ਪਰ ਉਨ੍ਹਾਂ ਕੋਲ ਸਨਿਚਰਵਾਰ ਨੂੰ ਹੋਣ ਵਾਲੇ ਫ਼ਾਈਨਲਜ਼ ਵਿਚ ਅਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨ ਦਾ ਮੌਕਾ ਹੋਵੇਗਾ |
ਉਨ੍ਹਾਂ ਦਾ ਸੈਸ਼ਨ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ 62.82 ਮੀਟਰ ਹੈ | ਦੋ ਵਰਗਾਂ ਵਿਚ 62.50 ਮੀਟਰ ਜਾਂ 12 ਸਰਬੋਤਮ ਪ੍ਰਦਰਸ਼ਨ ਕਰਨ ਵਾਲਿਆਂ ਨੇ ਫ਼ਾਈਨਲਜ਼ ਵਿਚ ਥਾਂ ਬਣਾਈ | ਸਿਰਫ਼ ਤਿੰਨ ਪ੍ਰਤੀਯੋਗੀ ਹੀ 62.50 ਮੀਟਰ ਦੇ ਕੁਆਲੀਫਾਇੰਗ ਮਾਰਕ ਨੂੰ ਹਾਸਲ ਕਰ ਸਕੇ |
ਵਿਸ਼ਵ ਚੈਂਪੀਅਨਸ਼ਿਪ ਵਿਚ ਤੀਜੀ ਵਾਰ ਹਿੱਸਾ ਲੈ ਰਹੀ ਅਨੂ ਨੇ ਲਗਾਤਾਰ ਦੂਜੀ ਵਾਰ ਇਸ ਚੈਂਪੀਅਨਸ਼ਿਪ ਦੇ ਫ਼ਾਈਨਲਜ਼ ਲਈ ਕੁਆਲੀਫ਼ਾਈ ਕੀਤਾ ਹੈ ਉਹ 2019 ਵਿਚ ਦੋਹਾ ਵਿਚ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਵਿਚ 61.12 ਮੀਟਰ ਦੀ ਸਰਬੋਤਮ ਥ੍ਰੋਅ ਨਾਲ ਫ਼ਾਈਨਲਜ਼ ਵਿਚ ਅੱਠਵੇਂ ਸਥਾਨ 'ਤੇ ਰਹੀ ਸੀ | (ਪੀਟੀਆਈ)