
ਫਿੱਕੀ ਨੇ ਚਾਲੂ ਵਿੱਤੀ ਸਾਲ ’ਚ ਦੇਸ਼ ਦੀ ਵਿਕਾਸ ਦਰ ਘਟਾ ਕੇ ਕੀਤੀ 7 ਫ਼ੀ ਸਦੀ
ਨਵੀਂ ਦਿੱਲੀ, 21 ਜੁਲਾਈ : ਭੂ-ਸਿਆਸੀ ਅਥਿਰਤਾ ਅਤੇ ਕੁੱਝ ਪ੍ਰਮੁੱਖ ਅਰਥ ਵਿਵਸਥਾਵਾਂ ਦਾ ਮੰਦੀ ਵਲ ਵਧਣ ਦੇ ਖ਼ਦਸ਼ਿਆਂ ਦਰਮਿਆਨ ਭਾਰਤੀ ਵਪਾਰ ਅਤੇ ਉਦਯੋਗ ਮਹਾਸੰਘ (ਫਿੱਕੀ) ਨੇ ਵੀਰਵਾਰ ਨੂੰ ਵਿੱਤੀ ਸਾਲ 2022-23 ਲਈ ਦੇਸ਼ ਦੀ ਆਰਥਿਕ ਵਾਧਾ ਦਰ ਘਟਾ ਕੇ 7 ਫ਼ੀ ਸਦੀ ਕਰ ਦਿਤੀ ਹੈ। ਦੇਸ਼ ਦੇ ਵਪਾਰਕ ਸੰਗਠਨਾਂ ਦੇ ਸੰਘ ਨੇ ਕਿਹਾ ਕਿ ਅਪ੍ਰੈਲ 2022 ’ਚ ਲਗਾਏ ਗਏ ਵਾਧਾ ਦਰ ਦੇ 7.4 ਫ਼ੀ ਸਦੀ ਦੇ ਅਨੁਮਾਨ ਨੂੰ ਭੂ-ਸਿਆਸੀ ਅਸਥਿਰਤਾ ਅਤੇ ਉਸ ਦੇ ਭਾਰਤੀ ਅਰਥਵਿਵਸਥਾ ਦੇ ਪ੍ਰਭਾਵ ਕਾਰਨ ਘਟਾਇਆ ਗਿਆ ਹੈ। ਵਾਧਾ ਦਰ ਦਾ ਚਾਲੂ ਵਿੱਤੀ ਸਾਲ ਦੀ ਪਹਿਲੀ ਅਤੇ ਦੂਜੀ ਤਿਮਾਹੀ ’ਚ ਕ੍ਰਮਵਾਰ 14 ਫ਼ੀ ਸਦੀ ਅਤੇ 6.2 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ। ਫਿੱਕੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਗਲੋਬਲ ਅਸਥਿਰਤਾ ਤੋਂ ਵੱਖ ਨਹੀਂ ਹੈ ਜੋ ਮਹਿੰਗਾਈ ਦੇ ਵਧਦੇ ਦਬਾਅ ਅਤੇ ਵਿੱਤੀ ਬਾਜ਼ਾਰਾਂ ’ਚ ਵਧਦੀ ਅਨਿਸ਼ਚਿਤਾ ਤੋਂ ਸਪੱਸ਼ਟ ਹੈ। ਫਿੱਕੀ ਦੇ ਇਕਨਾਮਿਕ ਆਊਟਲੁੱਕ ਸਰਵੇ (ਜੁਲਾਈ 2022) ਦੌਰਾਨ ਮੁਕਾਬਲੇਬਾਜ਼ਾਂ ਨੇ ਕਿਹਾ ਕਿ ਭਾਰਤੀ ਅਰਥਵਿਵਸਥਾਵਾਂ ਦੀਆਂ ਸੰਭਾਵਨਾਵਾਂ ’ਤੇ ਇਹ ਕਾਰਨ ਦਬਾਅ ਬਣਾ ਰਹੇ ਹਨ ਅਤੇ ਇਸ ਨਾਲ ਆਰਥਿਕ ਸੁਧਾਰਾਂ ’ਚ ਦੇਰੀ ਦਾ ਖ਼ਦਸ਼ਾ ਹੈ। ਸਰਵੇ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਆਰਥਿਕ ਸੁਧਾਰ ’ਚ ਮੁਸ਼ਕਲ ਦੇ ਪ੍ਰਮੁੱਖ ਕਾਰਨਾਂ ’ਚ ਜਿਣਸਾਂ ਦੀਆਂ ਵਧਦੀਆਂ ਕੀਮਤਾਂ, ਸਪਲਾਈ ਪੱਖ ’ਚ ਰੁਕਾਵਟ, ਯੂਰਪ ’ਚ ਲੰਮੇ ਸਮੇਂ ਤਕ ਸੰਘਰਸ਼ ਨਾਲ ਗਲੋਬਲ ਵਿਕਾਸ ਦੀਆਂ ਸੰਭਾਵਨਾਵਾਂ ਸ਼ਾਮਲ ਹਨ। ਇਸ ’ਚ ਕਿਹਾ ਗਿਆ ਕਿ ਚੀਨ ਦੀ ਅਰਥਵਿਵਸਥਾ ’ਚ ਮੰਦੀ ਦਾ ਭਾਰਤ ਦੀ ਵਾਧਾ ਦਰ ’ਤੇ ਅਸਰ ਪੈ ਸਕਦਾ ਹੈ। (ਏਜੰਸੀ)