
ਰੁਪਏ ਦੀ ਗਿਰਾਵਟ ਰੋਕਣ ਲਈ ਆਰ.ਬੀ.ਆਈ ਵਿਦੇਸ਼ੀ ਮੁਦਰਾ ਭੰਡਾਰ ਵਿਚੋਂ 100 ਅਰਬ ਡਾਲਰ ਵੇਚੇਗਾ
ਨਵੀਂ ਦਿੱਲੀ, 21 ਜੁਲਾਈ : ਡਾਲਰ ਦੇ ਮੁਕਾਬਲੇ ਰੁਪਿਆ ਬੁੱਧਵਾਰ ਨੂੰ ਪਹਿਲੀ ਵਾਰ 80 ਦੇ ਪਾਰ ਪਹੁੰਚ ਗਿਆ। ਇਸ ਸਾਲ ਜਨਵਰੀ ਤੋਂ ਹੁਣ ਤਕ ਰੁਪਿਆ 7 ਫ਼ੀ ਸਦੀ ਤੋਂ ਜ਼ਿਆਦਾ ਡਿੱਗ ਚੁਕਾ ਹੈ। ਇਸ ਗਿਰਾਵਟ ਨੂੰ ਰੋਕਣ ਲਈ ਆਰਬੀਆਈ ਹੁਣ ਵਿਦੇਸ਼ੀ ਮੁਦਰਾ ਭੰਡਾਰ ਵਿਚੋਂ 100 ਅਰਬ ਡਾਲਰ ਵੇਚੇਗਾ।
ਰਿਜ਼ਰਾਵ ਬੈਂਕ ਦੇ ਇਸ ਕਦਮ ਨਾਲ ਰੁਪਏ ਦੀ ਗਿਰਾਵਟ 4 ਮਹੀਨਿਆਂ ਤਕ ਰੁਕ ਸਕਦੀ ਹੈ। ਜੇਕਰ ਸਰਕਾਰ ਵਲੋਂ ਜਲਦ ਹੀ ਜ਼ਰੂਰੀ ਕਦਮ ਨਾ ਚੁਕੇ ਗਏ ਤਾਂ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ 85 ਰੁਪਏ ਦੇ ਪੱਧਰ ਤਕ ਵੀ ਜਾ ਸਕਦੀ ਹੈ। ਹਾਲਾਂਕਿ ਆਰਬੀਆਈ ਦੇ ਤਾਜ਼ਾ ਕਦਮ ਨਾਲ ਘਰੇਲੂ ਮੁਦਰਾ ਨੂੰ ਕੁਝ ਹੱਦ ਤਕ ਮਦਦ ਮਿਲ ਸਕਦੀ ਹੈ।
ਸੂਤਰਾਂ ਨੇ ਕਿਹਾ ਕਿ ਰੁਪਏ ’ਚ ਗਿਰਾਵਟ ਗਲੋਬਲ ਹਾਲਾਤ ਮੁਤਾਬਕ ਹੈ। ਹਾਲਾਂਕਿ ਰਿਜ਼ਰਵ ਬੈਂਕ ਕੋਲ ਇਸ ਨੂੰ ਰੋਕਣ ਦੇ ਕਈ ਸਾਧਨ ਉਪਲਬਧ ਹਨ ਜਿਨ੍ਹਾਂ ਦਾ ਇਸੇਤਮਾਲ ਕਰ ਕੇ ਰੁਪਏ ਦੀ ਗਿਰਾਵਟ ਨੂੰ ਰੋਕਿਆ ਜਾ ਸਕਦਾ ਹੈ।
ਇਕ ਵਪਾਰੀ ਨੇ ਕਿਹਾ ਕਿ ਅਮਰੀਕਾ ਦੀਆਂ ਸਖਤ ਨੀਤੀਆਂ ਕਾਰਨ ਰੁਪਏ ਦੇ 84-85 ਤਕ ਡਿੱਗਣ ਦਾ ਡਰ ਹੈ। ਇਸ ਲਈ ਸਰਕਾਰ ਅਤੇ ਆਰਬੀਆਈ ਵਿਦੇਸ਼ੀ ਨਿਵੇਸ਼ਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਵਿਦੇਸ਼ੀ ਨਿਵੇਸ਼ਕ ਜਲਦ ਵਾਪਸੀ ਕਰਨਗੇ। ਹਾਲਾਂਕਿ, ਸਿੰਗਾਪੁਰ ਦੇ ਵਪਾਰੀ ਨੇ ਕਿਹਾ ਕਿ ਵਿਆਜ ਦਰਾਂ ਬਹੁਤ ਜ਼ਿਆਦਾ ਹਨ। ਅਜਿਹੇ ’ਚ ਵਿਦੇਸ਼ੀ ਨਿਵੇਸ਼ਕਾਂ ਦੇ ਤੇਜ਼ੀ ਨਾਲ ਭਾਰਤ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।
ਮੁੱਖ ਆਰਥਕ ਸਲਾਹਕਾਰ ਵੀ ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਅਮਰੀਕੀ ਡਾਲਰ ਦੀ ਤੁਲਨਾ ’ਚ ਰੁਪਏ ਦੀ ਕੀਮਤ ’ਚ ਆਈ ਕਮੀ ਦੁਨੀਆਂ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ’ਚ ਆਈ ਗਿਰਾਵਟ ਦੀ ਤੁਲਨਾ ’ਚ ਕਿਤੇ ਘੱਟ ਹੈ। ਨਾਗੇਸ਼ਵਰਨ ਨੇ ਡਾਲਰ ਦੇ ਮੁਕਾਬਲੇ ਰੁਪਏ ਅਤੇ ਹੋਰ ਮੁਦਰਾਵਾਂ ਦੀਆਂ ਕੀਮਤਾਂ ’ਚ ਆਈ ਇਸ ਗਿਰਾਵਟ ਲਈ ਅਮਰੀਕੀ ਫ਼ੈੱਡਰਲ ਰਿਜ਼ਰਵ ਦੇ ਹਮਲਾਵਰ ਮੁਦਰਾ ਰੁਖ਼ ਨੂੰ ਜ਼ਿੰਮੇਵਾਰ ਦਸਿਆ।
ਉਨ੍ਹਾਂ ਕਿਹਾ ਕਿ ਫ਼ੈੱਡਰਲ ਰਿਜ਼ਰਵ ਦੇ ਸਖ਼ਤ ਰਵਈਏ ਨਾਲ ਕਈ ਉਭਰਦੀਆਂ ਅਰਥਵਿਵਸਥਾਵਾਂ ਨਾਲ ਵਿਦੇਸ਼ੀ ਪੂੰਜੀ ਦੀ ਨਿਕਾਸੀ ਹੋ ਰਹੀ ਹੈ, ਜਿਸ ਨਾਲ ਸਥਾਨਕ ਮੁਦਰਾਵਾਂ ਦਬਾਅ ’ਚ ਆ ਗਈਆਂ ਹਨ। ਇਕ ਪ੍ਰੋਗਰਾਮ ’ਚ ਸ਼ਿਰਕਤ ਕਰਨ ਆਏ ਨਾਗੇਸ਼ਵਰਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਾਪਾਨੀ ਯੇਨ, ਯੂਰੋ, ਸਵਿਸ ਫ਼੍ਰੈਂਕ, ਬ੍ਰਿਟਿਸ਼ ਪੌਂਡ ਦਾ ਡਾਲਰ ਦੇ ਮੁਕਾਬਲੇ ਕਿਤੇ ਜ਼ਿਆਦਾ ਘਟਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਦੋਹਾਂ ਨੇ ਹੀ ਵਿਦੇਸ਼ੀ ਮੁਦਰਾ ਦੀ ਨਿਕਾਸੀ ਨੂੰ ਰੋਕਣ ਲਈ ਕਈ ਕਦਮ ਉਠਾਏ ਹਨ। ਇਸ ਦੇ ਨਾਲ ਹੀ ਵਿਦੇਸ਼ੀ ਪੂੰਜੀ ਨੂੰ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ ਤਾਕਿ ਭਾਰਤੀ ਮੁਦਰਾ ਦੀ ਡਿਗਦੀ ਕੀਮਤ ਨੂੰ ਰੋਕਿਆ ਜਾ ਸਕੇ। ਅਮਰੀਕੀ ਡਾਲਰ ਦੇ ਮੁਕਾਬਲੇ ਇਸ ਸਾਲ ਹੁਣ ਤਕ ਰੁਪਏ ਦੀ ਕੀਮਤ ਕਰੀਬ 7.5 ਫ਼ੀ ਸਦੀ ਤਕ ਘੱਟ ਹੋ ਚੁਕੀ ਹੈ। ਸੋਮਵਾਰ ਨੂੰ ਰੁਪਇਆ ਕਾਰੋਬਾਰ ਦੌਰਾਨ ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ’ਤੇ ਆ ਗਿਆ। (ਏਜੰਸੀ)