
ਕਸਟਮ ਡਿਊਟੀ ਵਧਣ ਨਾਲ ਸੋਨੇ ਦੇ ਗਹਿਣਿਆਂ ਦੀ ਮੰਗ ਘਟੇਗੀ
ਮੁੰਬਈ, 21 ਜੁਲਾਈ : ਭਾਰਤ ’ਚ ਸੋਨੇ ਦੇ ਗਹਿਣਿਆਂ ਦੀ ਮੰਗ ਚਾਲੂ ਵਿੱਤੀ ਸਾਲ ’ਚ 5 ਫ਼ੀ ਸਦੀ ਘਟ ਕੇ 550 ਟਨ ਰਹਿ ਸਕਦੀ ਹੈ। ਇਸ ਦਾ ਮੁੱਖ ਕਾਰਨ ਕਸਟਮ ਡਿਊਟੀ ’ਚ ਵਾਧਾ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ। ਰੇਟਿੰਗ ਏਜੰਸੀ ਕ੍ਰਿਸਿਲ ਨੇ ਕਿਹਾ ਕਿ 30 ਜੂਨ ਨੂੰ ਸੋਨੇ ’ਤੇ ਕਸਟਮ ਡਿਊਟੀ ਨੂੰ 5 ਤੋਂ ਵਧਾ ਕੇ 12.5 ਫ਼ੀ ਸਦੀ ਕੀਤੇ ਜਾਣ ਨਾਲ ਚਾਲੂ ਵਿੱਤੀ ਸਾਲ ’ਚ ਸੋਨੇ ਦੇ ਗਹਿਣਿਆਂ ਦੇ ਪ੍ਰਚੂਨ ਵਿਕ੍ਰੇਤਾਵਾਂ ਦਾ ਮਾਲੀਆ ਵਾਧਾ ਸਥਿਰ ਰਹਿਣ ਦੀ ਸੰਭਾਵਨਾ ਹੈ। ਇਸ ’ਚ ਕਿਹਾ ਗਿਆ ਹੈ ਕਿ ਕਸਟਮ ਡਿਊਟੀ ’ਚ ਵਾਧੇ ਦਾ ਬੋਝ ਪ੍ਰਚੂਨ ਵਿਕ੍ਰੇਤਾਵਾਂ ਨੂੰ ਗਾਹਕਾਂ ’ਤੇ ਪਾਉਣਾ ਹੋਵੇਗਾ, ਜਿਸ ਨਾਲ ਮੰਗ ’ਚ ਕਮੀ ਆਵੇਗੀ ਅਤੇ ਖ਼ਰੀਦਦਾਰ ਖ਼ਰੀਦ ਤੋਂ ਬਚਣਗੇ। ਰਿਪੋਰਟ ਮੁਤਾਬਕ ਕਸਟਮ ਡਿਊਟੀ ’ਚ ਵਾਧੇ ਨਾਲ ਅੰਤਮ ਖਪਤਕਾਰਾਂ ਲਈ ਸੋਨੇ ਦੀਆਂ ਕੀਮਤਾਂ ’ਚ ਵਾਧੇ ਦੀ ਸੰਭਾਵਨਾ ਹੈ ਅਤੇ ਮਾਤਰਾ ਦੇ ਮਾਮਲੇ ’ਚ ਕਮੀ ਆ ਸਕਦੀ ਹੈ। ਚਾਲੂ ਵਿੱਤੀ ਸਾਲ ’ਚ ਮੰਗ 5 ਫ਼ੀ ਸਦੀ ਘਟ ਕੇ 550 ਟਨ ਰਹਿਣ ਦੀ ਸੰਭਾਵਨਾ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 580 ਟਨ ਰਹੀ ਸੀ। ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਮਹਾਂਮਾਰੀ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਸਮਾਪਤ ਹੋਣ ਤੋਂ ਬਾਅਦ ਫ਼ਰਵਰੀ 2021 ’ਚ ਮੰਗ ’ਚ ਵਾਧਾ ਅਤੇ ਇੰਪੋਰਟ ਡਿਊਟੀ ’ਚ 5 ਫ਼ੀ ਸਦੀ ਦੀ ਕਟੌਤੀ ਨਾਲ ਵਿਕਰੀ ’ਚ ਤੇਜ਼ ਉਛਾਲ ਆਇਆ ਜੋ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਵੀ ਜਾਰੀ ਰਿਹਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਲਾਂਕਿ ਸੋਨੇ ਦੀਆਂ ਉਚੀਆਂ ਕੀਮਤਾਂ ਵਿਕਰੀ ਦੀ ਮਾਤਰਾ ’ਚ ਨੁਕਸਾਨ ਦੀ ਭਰਪਾਈ ਕਰਨਗੀਆਂ ਅਤੇ ਇਹ ਯਕੀਨੀ ਕਰਨਗੀਆਂ ਕਿ ਉਦਯੋਗ ਦਾ ਮਾਲੀਆ ਪਿਛਲੇ ਸਾਲ ਦੀ ਤੁਲਨਾ ’ਚ ਸਥਿਰ ਰਹੇ ਪਰ ਆਪ੍ਰੇਟਿੰਗ ਲਾਭ ਪ੍ਰਭਾਵਿਤ ਹੋਵੇਗਾ। (ਏਜੰਸੀ)