
ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਵੱਲੋਂ ਪੰਜਾਬ ਨੂੰ ਸਪੈਸ਼ਲ ਸਟੇਟਸ ਕੈਟਾਗਿਰੀ ਦੀ ਦਰਜਾ ਦਿਵਾਉਣ ਅਤੇ ਹੋਰ ਭੱਖਦੇ ਮੰਗਾਂ ਮਸਲਿਆਂ............
ਸ੍ਰੀ ਮੁਕਤਸਰ ਸਾਹਿਬ : ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਵੱਲੋਂ ਪੰਜਾਬ ਨੂੰ ਸਪੈਸ਼ਲ ਸਟੇਟਸ ਕੈਟਾਗਿਰੀ ਦੀ ਦਰਜਾ ਦਿਵਾਉਣ ਅਤੇ ਹੋਰ ਭੱਖਦੇ ਮੰਗਾਂ ਮਸਲਿਆਂ ਨੂੰ ਲੈ ਕੇ 5 ਸਤੰਬਰ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਮਹਾਂ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ । ਇਸ ਸਬੰਧੀ ਅੱਜ ਚਹਿਲ ਪੈਲਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਸਿਆਸਤ ਰਹਿਤ ਇਹ ਯਾਤਰਾ ਜੋ ਮਾਲਵਾ ਖੇਤਰ ਨਾਲ ਸਬੰਧਿਤ ਹੋਵੇਗੀ , ਗੁਰਦੁਆਰਾ ਟਿੱਬੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਸਵੇਰੇ ਸ਼ੁਰੂ ਹੋਵੇਗੀ ਅਤੇ ਰਾਤ ਨੂੰ ਬਠਿੰਡਾ ਵਿਖੇ ਇਸ ਦਾ ਪੜਾਅ ਹੋਵੇਗਾ।
ਅਗਲੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇਸ ਯਾਤਰਾ ਦੀ ਸਮਾਪਤੀ ਹੋਵੇਗੀ। ਇਸੇ ਤਰਾਂ 15 ਦਿਨਾਂ ਬਾਅਦ ਦੁਆਬਾ ਖੇਤਰ ਦੀ ਮਹਾਂ ਯਾਤਰਾ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਜਾਵੇਗੀ , ਜਿਸ ਦੀ ਸਮਾਪਤੀ ਡੇਰਾ ਬਾਬਾ ਨਾਨਕ ਵਿਖੇ ਕੀਤੀ ਜਾਵੇਗੀ। ਉਸ ਤੋਂ ਬਾਅਦ ਮਾਝਾ ਖੇਤਰ ਵਿਚ ਇਹ ਮਹਾਂ ਯਾਤਰਾ ਕੱਢੀ ਜਾਵੇਗੀ। ਸ. ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ 11 ਸੂਬਿਆਂ ਨੂੰ ਸਪੈਸ਼ਲ ਸਟੇਟਸ ਕੈਟਾਗਿਰੀ ਅਧੀਨ ਲਿਆਂਦਾ ਹੋਇਆ ਹੈ ਤੇ ਉਥੋਂ ਦੇ ਲੋਕਾਂ ਨੂੰ ਪੂਰੇ ਲਾਭ ਮਿਲ ਰਹੇ ਹਨ।
ਜਦ ਕਿ ਪੰਜਾਬ ਜਿਥੇ 32 ਪ੍ਰਤੀਸ਼ਤ ਦਲਿਤ ਵੱਸੋਂ ਹੈ ਤੇ ਇਸ ਕੈਟਾਗਿਰੀ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ, ਨੂੰ ਇਸ ਸਕੀਮ ਵਿਚ ਸ਼ਾਮਿਲ ਨਹੀਂ ਕੀਤਾ ਗਿਆ। ਜੇਕਰ ਪੰਜਾਬ ਨੂੰ ਇਸ ਕੈਟਾਗਿਰੀ ਅਧੀਨ ਲਿਆਦਾ ਜਾਵੇ ਤਾਂ ਕਰਜੇ ਦੀ ਥਾਂ ਪੰਜਾਬ ਨੂੰ 90% ਗ੍ਰਾਂਟਾ ਮਿਲਣਗੀਆਂ। ਇਸ ਸਮੇਂ ਪੰਜਾਬ ਢਾਈ ਲੱਖ ਕਰੋੜ ਦਾ ਕਰਜਾਈ ਹੈ ਅਤੇ ਇਸ ਦਾ ਵਿਆਜ ਦੇਣ ਵਿੱਚ ਹੀ ਬਹੁਤ ਸਾਰਾ ਪੈਸਾ ਖਰਚ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਜਿਹੜੇ ਹੋਰ ਮਸਲਿਆਂ ਨੂੰ ਲੈ ਕੇ ਇਹ ਯਾਤਰਾ ਕੱਢੀ ਜਾ ਰਹੀ ਹੈ, ਉਹਨਾਂ ਵਿਚ ਨਸ਼ਿਆਂ ਦਾ ਮੁੱਦਾ ਅਹਿਮ ਹੈ, ਕਿਉਂਕਿ ਨਸ਼ਿਆਂ ਨੇ ਅਨੇਕਾਂ ਘਰ ਉਜਾੜ ਦਿੱਤੇ ਹਨ।
ਖੇਤੀਬਾੜੀ ਸੈਕਟਰ ਵਿਚ ਗੰਭੀਰ ਸੰਕਟ ਆਇਆ ਹੋਇਆ ਹੈ ਤੇ ਆਰਥਿਕ ਪੱਖ ਤੋਂ ਪ੍ਰੇਸ਼ਾਨ ਕਿਸਾਨ ਖੁਦਕਸ਼ੀਆਂ ਦੇ ਰਾਹ ਤੁਰੇ ਹੋਏ ਹਨ। ਪ੍ਰਦੂਸ਼ਣ ਦਾ ਅਹਿਮ ਮਾਮਲਾ ਹੈ ਤੇ ਇਸ ਕਰਕੇ ਕੈਂਸਰ ਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਨੇ ਆਪਣੇ ਪੈਰ ਪਸਾਰੇ ਹੋਏ ਹਨ। ਸਿੱਖਿਆ ਤੇ ਸਿਹਤ ਖੇਤਰ ਵਿਚ ਵੱਢੇ ਪੱਧਰ ਸੁਧਾਰਾਂ ਦੀ ਲੋੜ ਹੈ ਅਤੇ ਬੇਰੁਜਗਾਰੀ ਦੇ ਮੁੱਦੇ ਬਾਰੇ ਵੀ ਸੋਚਣਾ ਅਤਿ ਜਰੂਰੀ ਹੈ। ਉਹਨਾਂ ਕਿਹਾ ਕਿ ਇਹ ਯਾਤਰਾ ਪੰਜਾਬ ਦੇ ਗੱਭਰੂਆਂ ਅਤੇ ਮੁਟਿਆਰਾਂ ਦੇ ਨਾਮ ਹੋਵੇਗੀ।
ਇਸ ਵਿਚ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਕਿਸੇ ਵੀ ਪਾਰਟੀ ਦਾ ਵਰਕਰ ਹਿੱਸਾ ਲੈ ਸਕਦਾ ਹੈ, ਕਿਉਂਕਿ ਇਹ ਪੰਜਾਬ ਦੇ ਹੱਕ ਵਿੱਚ ਇਕ ਲੋਕ ਲਹਿਰ ਖੜੀ ਕਰਨ ਦਾ ਉਪਰਾਲਾ ਹੈ। ਬਰਾੜ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀ 550 ਸਾਲਾਂ ਸ਼ਤਾਬਦੀ ਆ ਰਹੀ ਹੈ ਤੇ ਇਸ ਲਈ ਕੇਂਦਰ ਸਰਕਾਰ ਘੱਟੋ-ਘੱਟ 550 ਕਰੋੜ ਰੁਪਏ ਦੇ ਫੰਡ ਜਾਰੀ ਕਰੇ। ਉਹਨਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ 117 ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਰਲ ਮਿਲ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ, ਕਿਉਂਕਿ ਇਸ ਸਮੇਂ ਪੰਜਾਬ ਡੁੱਬ ਰਿਹਾ ਹੈ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸ. ਬਰਾੜ ਨੇ ਕਿਹਾ ਕਿ ਇਸ ਸਮੇਂ ਉਹ ਕਿਸੇ ਵੀ ਪਾਰਟੀ ਦੇ ਅਹੁਦੇਦਾਰ ਜਾਂ ਮੈਂਬਰ ਨਹੀਂ ਹਨ ਅਤੇ ਜੇਕਰ ਕਾਂਗਰਸ ਪਾਰਟੀ ਉਹਨਾਂ ਨੂੰ ਮੁੜ ਪਾਰਟੀ ਵਿਚ ਸ਼ਾਮਿਲ ਕਰਨਾ ਚਾਹੇ ਤਾਂ ਉਹ ਵਿਚਾਰ ਕਰ ਸਕਦੇ ਹਨ। ਪ੍ਰੈਸ ਕਾਨਫਰੰਸ ਦੌਰਾਨ ਰਾਜ ਸਿੰਘ ਬਰਾੜ ਖੂੰਨਣ ਕਲਾਂ, ਸੁਖਬੰਸ ਸਿੰਘ ਚਹਿਲ, ਹਰਫੂਲ ਸਿੰਘ ਹਰੀਕੇਕਲਾਂ, ਦੀਪਕ ਤੇਜਾ ਪੀਏ, ਬਲਜੀਤ ਸਿੰਘ ਭੁੱਟੀਵਾਲਾ ਪੀਏ, ਸਾਧੂ ਸਿੰਘ ਸੇਖੋਂ, ਗਗਨ ਚਹਿਲ, ਮਨਜੀਤ ਸਿੰਘ ਖੋਖਰ, ਸ਼ਮਿੰਦਰ ਸਿੰਘ ਸੰਧੂ ਭੰਗੇਵਾਲਾ, ਸ਼ੇਖਰ ਕਾਲੜਾ, ਰਜੇਸ਼ਵਰ ਸਿੰਘ ਬਰਾੜ ਆਦਿ ਆਗੂ ਮੌਜੂਦ ਸਨ।