
ਸੁਪਰੀਮ ਕੋਰਟ ਨੇ ਸਾਬਕਾ ਸੀਜੇਆਈ ਰੰਜਨ ਗੋਗੋਈ ਵਿਰੁਧ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਕੀਤੀ ਰੱਦ
ਨਵੀਂ ਦਿੱਲੀ, 21 ਅਗੱਸਤ : ਸੁਪਰੀਮ ਕੋਰਟ ਨੇ ਸਾਬਕਾ ਸੀਜੇਆਈ ਰੰਜਨ ਗੋਗੋਈ ਖ਼ਿਲਾਫ਼ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖ਼ਾਰਿਜ਼ ਕਰ ਦਿਤਾ ਹੈ। ਪਟੀਸ਼ਨ 'ਚ ਭਾਰਤ ਦੇ ਸਾਬਕਾ ਸੀਜੇਆਈ ਦੇ ਜੱਜ ਦੇ ਅਹੁਦੇ 'ਤੇ ਤਾਇਨਾਤੀ ਮੌਕੇ ਆਚਰਣ ਦੀ ਜਾਂਚ ਲਈ ਤਿੰਨ ਜੱਜਾਂ ਦੇ ਪੈਨਲ ਦਾ ਗਠਨ ਕਰਨ ਦੀ ਮੰਗ ਕੀਤੀ ਗਈ ਸੀ। ਦੱਸ ਦੇਈਏ ਕਿ ਰੰਜਨ ਗੋਗੋਈ ਹੁਣ ਰਾਜ ਸਭਾ ਦੇ ਮੈਂਬਰ ਹਨ।
ਜਸਟਿਸ ਅਰੁਣ ਮਿਸ਼ਰਾ, ਜਸਟਿਸ ਬੀਆਰ ਗਵਈ ਅਤੇ ਜਸਟਿਸ ਕ੍ਰਿਸ਼ਨਾ ਮੁਰਾਰੀ ਦੇ ਬੈਂਚ ਨੇ ਪਟੀਸ਼ਨ ਨੂੰ ਬੇਲੋੜਾ ਕਰਾਰ ਦਿਤਾ। ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਪਿਛਲੇ ਦੋ ਸਾਲਾਂ ਵਿਚ ਸੁਣਵਾਈ ਲਈ ਜ਼ੋਰ ਨਹੀਂ ਦਿਤਾ ਸੀ ਅਤੇ ਜਸਟਿਸ ਗੋਗੋਈ ਦਾ ਕਾਰਜਕਾਲ ਹੁਣ ਖਤਮ ਹੋ ਗਿਆ ਹੈ।
ਬੈਂਚ ਨੇ ਕਿਹਾ, ਤੁਸੀਂ ਪਿਛਲੇ ਦੋ ਸਾਲਾਂ ਵਿਚ ਸੁਣਵਾਈ 'ਤੇ ਜ਼ੋਰ ਕਿਉਂ ਨਹੀਂ ਦਿਤਾ? ਉਸਦਾ ਕਾਰਜਕਾਲ ਹੁਣ ਖ਼ਤਮ ਹੋ ਗਿਆ ਹੈ, ਇਸ ਲਈ ਹੁਣ ਇਹ ਪਟੀਸ਼ਨ ਅਰਥਹੀਣ ਹੋ ਗਈ ਹੈ। ਪਟੀਸ਼ਨਰ ਅਰੁਣ ਰਾਮਚੰਦਰ ਹੁਬਲੀਕਰ ਨੇ ਪਟੀਸ਼ਨ ਵਿਚ ਜਸਟਿਸ ਗੋਗੋਈ ਦੇ ਕਾਰਜਕਾਲ ਵਿਚ ਹੋਈਆਂ ਕਥਿਤ ਬੇਨਿਯਮੀਆਂ ਦੀ ਜਾਂਚ ਕਰਨ ਦੀ ਮੰਗ ਕੀਤੀ। ਹਾਲਾਂਕਿ, ਬੈਂਚ ਨੇ ਜਵਾਬ ਦਿਤਾ, “ਮਾਫ਼ ਕਰਨਾ, ਅਸੀਂ ਇਸ ਪਟੀਸ਼ਨ 'ਤੇ ਵਿਚਾਰ ਨਹੀਂ ਕਰ ਸਕਦੇ।''
ਪਟੀਸ਼ਨਕਰਤਾ ਨੇ ਬੈਂਚ ਦੇ ਸਾਹਮਣੇ ਦਾਅਵਾ ਕੀਤਾ ਕਿ ਉਹ ਸੁਪਰੀਮ ਕੋਰਟ ਦੇ ਸਕੱਤਰ ਜਨਰਲ ਨੂੰ ਮਿਲਿਆ ਸੀ ਅਤੇ ਪਟੀਸ਼ਨ ਨੂੰ ਸੂਚੀਬੱਧ ਕਰਨ ਦੀ ਬੇਨਤੀ ਕੀਤੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਗੋਗੋimageਈ ਪਿਛਲੇ ਸਾਲ 17 ਨਵੰਬਰ ਨੂੰ ਸੇਵਾਮੁਕਤ ਹੋਏ ਸਨ। (ਪੀਟੀਆਈ)