
ਲਾਠਰ ਨੂੰ 6 ਅਪ੍ਰੈਲ, 2021 ਨੂੰ ਚਰਸ ਦੀ ਤਸਕਰੀ ਦੇ ਮਾਮਲੇ ਵਿਚ 15 ਸਾਲ ਦੀ ਕੈਦ ਅਤੇ 1.5 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।
ਜੀਂਦ: ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਜ਼ਿਲ੍ਹਾ ਜੇਲ੍ਹ ਵਿਚ 15 ਸਾਲ ਦੀ ਕੈਦ ਕੱਟ ਰਹੀ ਮਹਿਲਾ ਕਾਂਗਰਸ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਰਿਤੂ ਲਾਠਰ ਦੀ ਸ਼ਨੀਵਾਰ ਸ਼ਾਮ ਨੂੰ ਅਚਾਨਕ ਤਬੀਅਤ ਵਿਗੜ ਗਈ। ਉਸ ਨੂੰ ਇਲਾਜ ਲਈ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜੇਲ੍ਹ ਦੇ ਡਿਪਟੀ ਸੁਪਰਡੈਂਟ ਸਚਿਨ ਨੇ ਦੱਸਿਆ ਕਿ ਲਾਠਰ ਡਿਪਰੈਸ਼ਨ ਤੋਂ ਪੀੜਤ ਹੈ ਅਤੇ ਉਹ ਇਲਾਜ ਲਈ ਦਵਾਈਆਂ ਲੈਂਦੀ ਹੈ।
ਸ਼ਨੀਵਾਰ ਨੂੰ ਉਸ ਨੇ ਦਵਾਈਆਂ ਦੀ ਉਵਰਡੋਜ਼ ਲੈ ਲਈ ਜਿਸ ਨਾਲ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੇ ਖ਼ੁਦ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸਚਿਨ ਨੇ ਦੱਸਿਆ ਕਿ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਜਦੋਂ ਮਹਿਲਾ ਕੈਦੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਜੇਲ੍ਹ ਵਿਚ ਤਸੀਹੇ ਦਿੱਤੇ ਜਾਣ ਦੀ ਗੱਲ ਕਰ ਰਹੀ ਸੀ। ਦੋ ਦਿਨ ਪਹਿਲਾਂ, ਇਹ ਵੀ ਸਾਹਮਣੇ ਆਇਆ ਹੈ ਕਿ ਲਾਠਰ ਦੀ ਹੋਰ ਮਹਿਲਾ ਕੈਦੀਆਂ ਨਾਲ ਲੜਾਈ ਵੀ ਹੋਈ ਸੀ। ਥਾਣਾ ਸਿਵਲ ਲਾਈਨ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਠਰ ਨੂੰ 6 ਅਪ੍ਰੈਲ, 2021 ਨੂੰ ਚਰਸ ਦੀ ਤਸਕਰੀ ਦੇ ਮਾਮਲੇ ਵਿਚ 15 ਸਾਲ ਦੀ ਕੈਦ ਅਤੇ 1.5 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।