
ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਨੂੰ ਅੱਜ ਗੱਲਬਾਤ ਲਈ ਚੰਡੀਗੜ੍ਹ ਸੱਦਿਆ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਰਨਗੇ ਮੀਟਿੰਗ
ਚੰਡੀਗੜ੍ਹ, 21 ਅਗੱਸਤ (ਗੁਰਉਪਦੇਸ਼ ਭੁੱਲਰ): ਇਕ ਪਾਸੇ ਦਿੱਲੀ ਦੀਆਂ ਹੱਦਾਂ ਉਪਰ ਕੇਂਦਰ ਸਰਕਾਰ ਵਿਰੁਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਉਥੇ ਦੂਜੇ ਪਾਸੇ ਹੁਣ ਪੰਜਾਬ ਵਿਚ ਗੰਨੇ ਦੇ ਮੁੱਲ ਤੇ ਬਕਾਏ ਦੀ ਅਦਾਇਦੀ ਨੂੰ ਲੈ ਕੇ ਗੰਨਾ ਉਤਪਾਦਕ ਕਿਸਾਨਾਂ ਵਲੋਂ ਸ਼ੁਰੂ ਕੀਤੇ ਮੋਰਚੇ ਨੇ ਕੈਪਟਨ ਸਰਕਾਰ ਦੀ ਚਿੰਤਾ ਵਧਾ ਦਿਤੀ ਹੈ |
ਕਿਸਾਨ ਜਥੇਬੰਦੀਆਂ ਨੇ ਮੰਗਲਵਾਰ ਨੂੰ ਪੂਰਾ ਪੰਜਾਬ ਜਾਮ ਕਰਨ ਦੀ ਚੇਤਾਵਨੀ ਤਕ ਦੇ ਦਿਤੀ ਹੈ | ਇਸੇ ਦੌਰਾਨ ਪੰਜਾਬ ਸਰਕਾਰ ਵੀ ਪੰਜਾਬ ਵਿਚ ਸ਼ੁਰੂ ਹੋਏ ਕਿਸਾਨ ਮੋਰਚੇ ਨੂੰ ਖ਼ਤਮ ਕਰਵਾਉਣ ਲਈ ਹਰਕਤ ਵਿਚ ਆ ਚੁੱਕੀ ਹੈ | ਮਿਲੀ ਜਾਣਕਾਰੀ ਅਨੁਸਾਰ ਗੱਲਬਾਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹੁਣ 22 ਅਗੱਸਤ ਨੂੰ ਚੰਡੀਗੜ੍ਹ ਵਿਚ ਕਿਸਾਨ ਆਗੂਆਂ ਨੂੰ ਸਰਕਾਰ ਨੇ ਗੱਲਬਾਤ ਲਈ ਸੱਦ ਲਿਆ ਹੈ |
ਇਸ ਅੰਦੋਲਨ ਪਿਛੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਹਮਾਇਤ ਹੈ | ਪੰਜਾਬ ਸਰਕਾਰ ਵਲੋਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉੱਚ ਅਫ਼ਸਰਾਂ ਨੂੰ ਨਾਲ ਲੈ ਕੇ 22 ਅਗੱਸਤ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਚ ਗੰਨਾ ਅੰਦੋਲਨ ਨਾਲ ਜੁੜੇ ਕਿਸਾਨ ਆਗੂਆਂ ਨਾਲ ਮਸਲੇ ਦੇ ਹੱਲ ਲਈ ਮੀਟਿੰਗ ਕਰਨਗੇ |
ਭਾਵੇਂ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਨਾ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਟਿੰਗ ਕਰ ਕੇ ਗੰਨੇ ਦੇ ਭਾਅ ਵਿਚ 15 ਰੁਪਏ ਵਾਧਾ ਕਰ ਦਿਤਾ ਸੀ ਪਰ ਕਿਸਾਨ ਆਗੂਆਂ ਨੇ ਇਸ ਨੂੰ ਮਜ਼ਾਕ ਦਸਦਿਆਂ ਨਾ ਮਨਜ਼ੂਰ ਕਰ ਦਿਤਾ ਸੀ | ਇਹ ਵਾਧਾ ਚਾਰ ਸਾਲ ਬਾਅਦ ਕੀਤਾ ਗਿਆ ਹੈ |
ਕਿਸਾਨ ਜਥੇਬੰਦੀਆਂ ਘੱਟੋ ਘੱਟ 400 ਰੁਪਏ ਕੁਇੰਟਲ ਮੁੱਲ ਦੀ ਮੰਗ ਕਰਨ ਤੋਂ ਇਲਾਵਾ 200 ਕਰੋੜ ਦੇ ਬਕਾਏ ਦੀ ਤੁਰਤ ਅਦਾਇਗੀ ਦੀ ਮੰਗ ਕਰ ਰਹੀਆਂ ਹਨ | ਹਰਿਆਣਾ ਵਿਚ ਗੰਨੇ ਦਾ ਮੁੱਲ 358 ਰੁਪਏ ਅਤੇ ਉੱਤਰ ਪ੍ਰਦੇਸ਼ ਵਿਚ 340 ਰੁਪਏ ਪ੍ਰਤੀ ਕੁਇੰਟਲ ਹੈ |