
ਬਰਸਾਤੀ ਨਦੀ ਵਿਚ ਰੁੜਨ ਕਾਰਨ ਮਹਿਲਾ ਪੰਚ ਤੇ ਉਸ ਦੇ ਪਤੀ ਦੀ ਹੋਈ ਸੀ ਮੌਤ
ਖਰੜ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਟਾਂਡੀ ਦੀ ਇਕ ਮਹਿਲਾ ਪੰਚ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਦੌਰਾਨ ਉਹਨਾਂ ਨੂੰ ਹੜ੍ਹ ਪ੍ਰਭਾਵਿਤ ਪਰਿਵਾਰ ਨਾਲ ਮੁਲਾਕਾਤ ਲਈ ਓਵਰਫਲੋਅ ਨਦੀ ਨੂੰ ਪਾਰ ਕਰਨਾ ਪਿਆ। ਇਸ ਮੌਕੇ ਉਹਨਾਂ ਨੇ ਆਪਣੀਆਂ ਚੱਪਲਾਂ ਨੂੰ ਹੱਥ ਵਿਚ ਫੜ ਕੇ ਮੋਟਰਸਾਈਕਲ ਦਾ ਸਹਾਰਾ ਲਿਆ ਅਤੇ ਨਦੀ ਨੂੰ ਪਾਰ ਕੀਤਾ।
Manish Tewari At Tandi village
ਦਰਅਸਲ ਪਿੰਡ ਟਾਂਡੀ ਦੀ ਮਹਿਲਾ ਪੰਚ ਸੁਨੀਤਾ ਅਤੇ ਉਹਨਾਂ ਦੇ ਪਤੀ ਸੱਜਣ ਸਿੰਘ ਆਪਣੀ ਛੋਟੀ ਬੇਟੀ ਸਮੇਤ ਇਹਨਾਂ ਬਰਸਾਤੀ ਨਦੀਆਂ ਵਿਚ ਰੁੜ੍ਹ ਗਏ ਸਨ। ਹਾਲਾਂਕਿ ਉਹਨਾਂ ਦੀ ਧੀ ਨੂੰ ਤਾਂ ਬਚਾ ਲਿਆ ਗਿਆ ਪਰ ਮਹਿਲਾ ਪੰਚ ਤੇ ਉਹਨਾਂ ਦੇ ਪਤੀ ਦੀ ਮੌਤ ਹੋ ਗਈ। ਇਸ ਦੇ ਚਲਦਿਆਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਮਹਿਜ਼ 5 ਕਿਲੋਮੀਟਰ ਦੀ ਦੂਰੀ ‘ਤੇ ਨਿਕਲਣ ਵਾਲੀਆਂ 5 ਬਰਸਾਤੀ ਨਦੀਆਂ ‘ਤੇ ਪੁਲ ਬਣਾਉਣ ਦੀ ਮੰਗ ਕੀਤੀ, ਜਿਨ੍ਹਾਂ ’ਚ ਮੌਨਸੂਨ ਦੇ ਦਿਨਾਂ ਦੌਰਾਨ ਪਹਾੜਾਂ ਤੋਂ ਆਉਣ ਵਾਲਾ ਪਾਣੀ ਨਾਲ ਲੱਗਦੇ ਪਿੰਡਾਂ ਲਈ ਮੁਸ਼ਕਲਾਂ ਦਾ ਕਾਰਨ ਬਣ ਜਾਂਦਾ ਹੈ।
Manish Tewari crosses a rivulet on the way to Tanda village
ਉਹਨਾਂ ਲਿਖਿਆ ਕਿ ਇਹਨਾਂ ਪੰਜ ਦਰਿਆਵਾਂ ’ਤੇ 5 ਪੁਲ ਬਣਾਉਣ ਦੀ ਲੋੜ ਹੈ, ਜਿਨ੍ਹਾਂ ਦਾ ਕੰਮ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ। ਇਹਨਾਂ ਪੁਲਾਂ ਦੀ ਲਾਗਤ ਸਿਰਫ਼ 11 ਕਰੋੜ ਰੁਪਏ ਹੈ ਅਤੇ ਇਹਨਾਂ ਦੀ ਤਜਵੀਜ਼ ਸੂਬਾ ਸਰਕਾਰ ਕੋਲ ਪੈਂਡਿੰਗ ਹੈ। ਮਨੀਸ਼ ਤਿਵਾੜੀ ਨੇ ਲਿਖਿਆ ਕਿ ਜਦੋਂ ਮੈਂ ਇਸ ਓਵਰਫਲੋਅ ਨਦੀ ਨੂੰ ਪਾਰ ਕੀਤਾ ਤਾਂ ਮੈਨੂੰ ਮਹਿਸੂਸ ਹੋਇਆ ਕਿ ਪਿੰਡ ਵਾਸੀਆਂ ਨੂੰ ਇਸ ਨਦੀ ਨੂੰ ਪਾਰ ਕਰਨ ਸਮੇਂ ਕਿਸ ਮੁਸ਼ਕਲ ਵਿਚੋਂ ਗੁਜ਼ਰਨਾ ਪੈਂਦਾ ਹੋ। ਇਸ ਦੌਰਾਨ ਕਈਆਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ।
ਮਨੀਸ਼ ਤਿਵਾੜੀ ਨੇ ਉਮੀਦ ਪ੍ਰਗਟਾਈ ਕਿ ਮਾਨ ਸਰਕਾਰ ਇਸ ਮਾਮਲੇ ਨੂੰ ਪਹਿਲ ਦੇ ਆਧਾਰ ‘ਤੇ ਲੈ ਕੇ ਪੁਲਾਂ ਦੀ ਉਸਾਰੀ ਲਈ ਬਜਟ ਨੂੰ ਮਨਜ਼ੂਰੀ ਦੇਵੇਗੀ ਅਤੇ ਕੰਮ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।