
Punjab News : ਵਿੰਗ ਨੇ ਇਸ ਸਾਲ ਅਪ੍ਰੈਲ ਤੋਂ ਜੁਲਾਈ ਤੱਕ 1.10 ਕਰੋੜ ਰੁਪਏ ਇਕੱਠੇ ਕੀਤੇ
Punjab News in Punjabi : ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਦਾ ਲੀਗਲ ਮੈਟਰੋਲੋਜੀ ਵਿੰਗ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅਪ੍ਰੈਲ ਤੋਂ ਜੁਲਾਈ ਤੱਕ ਇਕੱਠੀ ਕੀਤੀ ਗਈ ਕੰਪਾਊਂਡਿੰਗ ਫੀਸ, ਵੈਰੀਫਿਕੇਸ਼ਨ ਅਤੇ ਇੰਸਪੈਕਸ਼ਨ ਵਰਗੇ ਕਈ ਮਾਪਦੰਡਾਂ ਵਿੱਚ ਵਾਧਾ ਦਰਜ ਕੀਤਾ ਹੈ।
ਕੰਪਾਊਂਡਿਗ ਫੀਸਾਂ ਦੇ ਮਾਮਲੇ ਵਿੱਚ, ਲੀਗਲ ਮੈਟਰੋਲੋਜੀ ਵਿੰਗ ਨੇ 1.10 ਕਰੋੜ ਰੁਪਏ ਉਗਰਾਹੇ ਹਨ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਵਿੰਗ ਨੇ 49.68 ਲੱਖ ਰੁਪਏ ਹੀ ਇਕੱਠੇ ਕੀਤੇ ਸਨ। ਇਸ ਤਰ੍ਹਾਂ, ਇਹ ਵਾਧਾ 121 ਫੀਸਦ ਬਣਦਾ ਹੈ। ਵਿੰਗ ਨੇ 5753 ਨਿਰੀਖਣ (ਵੈਰੀਫਿਕੇਸ਼ਨ) ਕੀਤੇ ਜਦੋਂ ਕਿ ਇਸ ਵਾਰ ਨਿਰੀਖਣਾਂ ਦੇ ਅੰਕੜੇ 11,035 ਹਨ। ਇਸੇ ਤਰ੍ਹਾਂ ਪਿਛਲੇ ਸਾਲ ਦਰਜ ਹੋਏ ਕੇਸਾਂ ਦੀ ਗਿਣਤੀ 587 ਸੀ ਜਦੋਂ ਕਿ ਇਸ ਸਾਲ ਦੌਰਾਨ ਇਹ ਗਿਣਤੀ 1531 ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ, ਪਿਛਲੇ ਸਾਲ 41625 ਵਪਾਰਕ ਅਦਾਰਿਆਂ ਦਾ ਨਿਰੀਖਣ ਕੀਤਾ ਗਿਆ ਸੀ ਜਦੋਂ ਕਿ ਇਸ ਸਾਲ 42733 ਅਦਾਰਿਆਂ ਦਾ ਨਿਰੀਖਣ ਕੀਤਾ ਗਿਆ ਹੈ।
ਅੱਜ ਇੱਥੇ ਅਨਾਜ ਭਵਨ ਵਿਖੇ ਲੀਗਲ ਮੈਟਰੋਲੋਜੀ ਵਿੰਗ ਦੇ ਕੰਮਕਾਜ ਦੀ ਸਮੀਖਿਆ ਕਰਦੇ ਹੋਏ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗ ਦੇ ਅਧਿਕਾਰੀਆਂ ਦੁਆਰਾ ਕੀਤੀ ਗਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੋਰ ਵੀ ਜੋਸ਼ ਅਤੇ ਸਮਰਪਣ ਨਾਲ ਕੰਮ ਕਰਨ ਲਈ ਕਿਹਾ।
ਮੀਟਿੰਗ ਦੌਰਾਨ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਵਿੰਗ ਕੋਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ ਵਿਭਾਗ ਦੀ ਮਾਲਕੀ ਵਾਲੀਆਂ ਮਿਆਰੀ ਲੈਬਾਂ ਹਨ ,ਜਦੋਂ ਕਿ ਸਰਹਿੰਦ ਅਤੇ ਖੰਨਾ ਵਿਖੇ ਨਵੀਆਂ ਲੈਬਾਂ ਦਾ ਪ੍ਰਸਤਾਵ ਹੈ। ਇਸ ਕਦਮ ਦਾ ਉਦੇਸ਼ ਵਿਭਾਗ ਦੇ ਕੰਮਕਾਜ ਵਿੱਚ ਕੁਸ਼ਲਤਾ ਵਧਾਉਣਾ ਹੈ।
ਵਿੰਗ ਦੇ ਪੁਨਰਗਠਨ ਦੇ ਨਾਲ-ਨਾਲ ਆਧੁਨਿਕ ਉਪਕਰਣਾਂ ਦੀ ਜ਼ਰੂਰਤ ਦੇ ਸਬੰਧ ਵਿੱਚ, ਸ਼੍ਰੀ ਕਟਾਰੂਚੱਕ ਨੇ ਵਿੰਗ ਦੇ ਅਧਿਕਾਰੀਆਂ ਨੂੰ ਵਿਸਤ੍ਰਿਤ ਪ੍ਰਸਤਾਵ ਭੇਜਣ ਲਈ ਕਿਹਾ ਤਾਂ ਜੋ ਉਹ ਇਨ੍ਹਾਂ ਪ੍ਰਸਤਾਵਾਂ ਦਾ ਚੰਗੀ ਤਰ੍ਹਾਂ ਅਧਿਐਨ ਕਰ ਸਕਣ ਅਤੇ ਜਲਦੀ ਤੋਂ ਜਲਦੀ ਜ਼ਰੂਰੀ ਉਪਾਅ ਕਰ ਸਕਣ।
ਲੀਗਲ ਮੈਟਰੋਲੋਜੀ ਵਿੰਗ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾ ਕੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ ਕਿ ਵੇਚੇ ਅਤੇ ਖਰੀਦੇ ਗਏ ਸਾਮਾਨ ਦੱਸੀ ਗਈ ਮਾਤਰਾ ਅਨੁਸਾਰ ਹਨ ਅਤੇ ਸਹੀ ਮਿਕਦਾਰ ਵਿੱਚ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਹੁਲ ਤਿਵਾੜੀ, ਵਧੀਕ ਸਕੱਤਰ ਪਨਗ੍ਰੇਨ ਕਮਲ ਕੁਮਾਰ ਗਰਗ ਅਤੇ ਕੰਟਰੋਲਰ, ਲੀਗਲ ਮੈਟਰੋਲੋਜੀ ਵਿੰਗ ਮਨੋਹਰ ਸਿੰਘ ਸ਼ਾਮਿਲ ਸਨ।
(For more news apart from 121% increase in collection compounding fees by Legal Metrology Wing News in Punjabi, stay tuned to Rozana Spokesman)