
Punjab News: ਲੋਕ ਅਪਣਾ ਘਰੇਲੂ ਸਾਮਾਨ ਛੱਤਾਂ ਉਪਰ ਰੱਖਣ ਅਤੇ ਪਿੰਡ ਛੱਡਣ ਲਈ ਮਜਬੂਰ
Punjab News: ਹਿਮਾਚਲ ਪ੍ਰਦੇਸ਼ ਵਿਚ ਹੋ ਰਹੀਆਂ ਲਗਾਤਾਰ ਬਰਸਾਤਾਂ ਦੇ ਚਲਦੇ ਜਿਥੇ ਵੱਖ ਵੱਖ ਡੈਮਾਂ ਤੋਂ ਪਾਣੀ ਬਿਆਸ ਦਰਿਆ ਵਿਚ ਛਡਿਆ ਜਾ ਰਿਹਾ ਸੀ ਜਿਸ ਨੇ ਹੁਣ ਤਕ ਦੁਆਬੇ ਅਤੇ ਮਾਝੇ ਏਰੀਏ ਦੇ ਵਿਚ ਹੜ੍ਹਾਂ ਵਰਗੀ ਸਥਿਤੀ ਬਣਾਈ ਹੋਈ ਹੈ, ਤੋਂ ਬਾਅਦ ਹੁਣ ਦਰਿਆ ਸਤਲੁਜ ਵਿਚ ਪਾਣੀ ਛੱਡੇ ਜਾਣ ਕਰ ਕੇ ਅਚਾਨਕ ਵਧੇ ਪਾਣੀ ਦੇ ਪੱਧਰ ਨੇ ਲੋਕਾਂ ਨੂੰ ਡਰਾ ਕੇ ਰੱਖ ਦਿਤਾ ਹੈ।
ਸਤਲੁਜ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਨੇ ਲੋਕਾਂ ਦੇ ਸਾਹ ਸੁਕਾ ਦਿਤੇ ਹਨ ਅਤੇ ਇਸ ਨਾਲ ਹੀ ਮੋਗੇ ਜ਼ਿਲ੍ਹੇ ਵਿਚ ਆਉਂਦੀ ਕਰੀਬ 25 ਹਜ਼ਾਰ ਏਕੜ ਵਾਹੀਯੋਗ ਜ਼ਮੀਨ ਜਿਸ ’ਤੇ ਫ਼ਸਲ ਖੜੀ ਸੀ ਉਸ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ। ਮੌਕੇ ’ਤੇ ਪਹੁੰਚੇ ਸਪੋਕਸਮੈਨ ਦੇ ਪੱਤਰਕਾਰ ਨੇ ਪਿੰਡ ਦੇ ਵਸਨੀਕਾਂ ਤੋਂ ਇਸ ਬਣੀ ਸਥਿਤੀ ਦੇ ਹਾਲਾਤਾਂ ਬਾਰੇ ਜਾਣਨਾ ਚਾਹਿਆ ਤਾਂ ਨਿਤ ਸਹਿਮ ਭਰੀ ਜ਼ਿੰਦਗੀ ਗੁਜ਼ਾਰਨ ਨੂੰ ਮਜਬੂਰ ਲੋਕਾਂ ਨੇ ਦਸਿਆ ਕਿ ਇਸ ਪਿੰਡ ਦਾ ਰਕਬਾ ਧੁੱਸੀ ਬੰਨ੍ਹ ਦੇ ਅੰਦਰ ਹੋਣ ਕਰ ਕੇ ਤਕਰੀਬਨ ਹਰ ਵਾਰ ਪਾਣੀ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿੰਡ ਵਾਲਿਆਂ ਨੇ ਦਸਿਆ ਕਿ ਅੱਜ ਸਵੇਰ ਕਰੀਬ 10 ਵਜੇ ਤੋਂ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਜਿਸ ਕਰ ਕੇ ਲੋਕ ਅਪਣੇ ਪੱਧਰ ਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮਦਦ ਨਾਲ ਘਰਾਂ ਵਿਚੋਂ ਕੀਮਤੀ ਸਮਾਨ ਕੱਢਣ ਲਈ ਮਜਬੂਰ ਹੋ ਗਏ ਹਨ, ਉਥੇ ਸਾਧਨਾਂ ਦੀ ਕਮੀ ਦੀ ਘਾਟ ਕਾਰਨ ਸਮਾਨ ਪਿੰਡੋਂ ਬਾਹਰ ਸੁਰੱਖਿਅਤ ਥਾਵਾਂ ਤੇ ਨਾ ਲਿਜਾ ਸਕਣ ਵਾਲੇ ਕੱੁਝ ਪਿੰਡ ਵਾਸੀਆਂ ਨੇ ਅਪਣਾ ਘਰੇਲੂ ਵਰਤੋਂ ਦਾ ਸਮਾਨ ਜਿਸ ਵਿਚ ਕਣਕ ਵਾਲੇ ਡਰੰਮ, ਕਪੜੇ ਵਾਲੀਆਂ ਪੇਟੀਆਂ, ਫ਼ਰਨੀਚਰ ਆਦਿ ਛੱਤਾਂ ਉਪਰ ਚੜ੍ਹਾਅ ਦਿਤੀਆਂ ਹਨ।
ਦਸਣਯੋਗ ਹੈ ਕਿ ਬੰਨ੍ਹ ਤੋਂ ਬਾਹਰ ਰਹਿੰਦੇ ਪਿੰਡਾਂ ਦੇ ਲੋਕਾਂ ਵਲੋਂ ਅਪਣੇ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਨੀਵੀਆਂ ਅਤੇ ਕਮਜ਼ੋਰ ਥਾਵਾਂ ’ਤੇ ਮਿੱਟੀ ਪਾਉਣ ਦਾ ਕੰਮ ਬੀਤੇ ਦਿਨੀਂ ਹੀ ਕੀਤਾ ਗਿਆ ਸੀ। ਪਿੰਡ ਸੰਘੇੜਾ ਦੇ ਸਰਪੰਚ ਗੁਰਮੇਲ ਸਿੰਘ ਵਲੋਂ ਪੱਤਰਕਾਰਾਂ ਨੂੰ ਦਸਿਆ ਗਿਆ ਕਿ ਇਸ ਸਥਿਤੀ ’ਤੇ ਨਜ਼ਰ ਰੱਖਣ ਲਈ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਧਰਮਕੋਟ ਇਥੇ ਪਹੁੰਚੇ ਸਨ ਜੋ ਕਿ ਹੜ੍ਹ ਪ੍ਰਭਾਵਤ ਲੋਕਾਂ ਲਈ ਸੁਰੱਖਿਅਤ ਥਾਂ ਅਤੇ ਰਾਹਤ ਕੈਂਪ ਲਗਾਉਣ ਲਈ ਮੁਆਇਨਾ ਕਰਨ ਵਾਸਤੇ ਰਾਊਵਾਲਾ ਸਕੂਲ ਗਏ ਹਨ। ਖ਼ਬਰ ਲਿਖੇ ਜਾਣ ਤਕ ਦਰਿਆ ਵਿਚਲੇ ਪਾਣੀ ਦਾ ਪੱਧਰ ਦਾ ਵਧਣਾ ਲਗਾਤਾਰ ਜਾਰੀ ਸੀ। ਜੇਕਰ ਪਿੱਛੋਂ ਡੈਮਾਂ ਤੋਂ ਪਾਣੀ ਹੋਰ ਛੱਡਣ ਦਾ ਸਿਲਸਿਲਾ ਇਵੇਂ ਹੀ ਜਾਰੀ ਰਹਿੰਦਾ ਹੈ ਤਾਂ ਇਹ ਸਥਿਤੀ ਹੋਰ ਵੀ ਭਿਆਨਕ ਰੂਪ ਅਖ਼ਤਿਆਰ ਕਰ ਸਕਦੀ ਹੈ।
(For more news apart from “Punjab Latest Update News, ” stay tuned to Rozana Spokesman.)
ਫ਼ਤਿਹਗੜ੍ਹ ਪੰਜਤੂਰ ਤੋਂ ਕੁਲਦੀਪ ਗਰੋਵਰ ਦੀ ਰਿਪੋਰਟ