
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਸੈਸ਼ਨ ਬੁਲਾਉਣ ਬਾਰੇ ਵਿਚਾਰ
ਚੰਡੀਗੜ੍ਹ, 21 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਬਾਰੇ ਵਿਚਾਰ ਕਰ ਰਹੀ ਹੈ। ਇਸ ਸੈਸ਼ਨ ਵਿਚ ਖੇਤੀਬਾੜੀ ਕਾਨੂੰਨਾਂ ਸਬੰਧੀ ਰਣਨੀਤੀ ਘੜੀ ਜਾ ਸਕਦੀ ਹੈ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਰਕਾਰ ਵਿਚਾਰ ਕਰ ਰਹੀ ਹੈ ਕਿ ਉਹ ਸਾਰੇ ਸਦਨ ਨੂੰ ਨਾਲ ਲੈ ਕੇ ਕੇਂਦਰ ਵਿਰੁਧ ਹੱਲਾ ਬੋਲੇ ਤੇ ਭਵਿੱਖ ਵਿਚ ਇਨ੍ਹਾਂ ਕਾਨੂੰਨਾਂ ਨਾਲ ਕਿਵੇਂ ਨਿਪਟਣਾ ਹੈ, ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਬੁਲਾਰੇ ਨੇ ਦਸਿਆ ਕਿ ਇਸ ਵੇਲੇ ਵਿਧਾਨ ਸਭਾ 'ਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੀ ਕੇਂਦਰ ਵਿਰੁਧ ਬੋਲ ਰਹੀਆਂ ਹਨ, ਇਸ ਲਈ ਸਦਨ 'ਚ ਕੋਈ ਪ੍ਰਭਾਵੀ ਰਣਨੀਤੀ ਵੀ ਬਣਾਈ ਜਾ ਸਕਦੀ ਹੈ। ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਆਰਡੀਨੈਂਸਾਂ ਨੂੰ ਲੈ ਕੇ ਕਾਫ਼ੀ ਗੰਭੀਰ ਹਨ ਤੇ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨਾਂ ਦੀ ਬਰਬਾਦੀ ਮੰਨਦੇ ਹਨ ਇਸ ਲਈ ਉਹ ਚਾਹੁੰਦੇ ਹਨ ਕਿ ਵਿਧਾਨ ਸਭਾ 'ਚ ਇਕਜੁਟ ਹੋ ਕੇ ਇਨ੍ਹਾਂ ਕਾਨੂੰਨਾਂ ਵਿਰੁਧ ਰਣਨੀਤੀ ਬਣਾਈ ਜਾਵੇ ਤੇ ਫਿਰ ਉਹੀ ਆਵਾਜ਼ ਰਾਸ਼ਟਰਪਤੀ ਤਕ ਪਹੁੰਚਾਈ ਜਾਵੇ।