
ਮਨੋਹਰ ਲਾਲ ਖੱਟਰ ਸਰਕਾਰ ਦੀ ਕਾਰਵਾਈ ਨੂੰ ਦੱਸਿਆ ਗੈਰ-ਲੋਕਤਾਂਤਰਿਕ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚਿੱਠੀ ਲਿਖੀ ਹੈ। ਪੱਤਰ ਵਿਚ ਉਹਨਾਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ 20 ਸਤੰਬਰ 2020 ਨੂੰ ਭਾਰਤ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਪੰਜਾਬੀਆਂ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਰੋਕੇ ਜਾਣ ‘ਤੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਹੈ।
Sunil Jakhar
ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਨੂੰ ਪੂਰੀ ਤਰਾਂ ਗੈਰ ਸੰਵਿਧਾਨਿਕ ਅਤੇ ਗੈਰ ਲੋਕਤਾਂਤਰਿਕ ਦੱਸਿਆ ਹੈ। ਉਹਨਾਂ ਨੇ ਲਿਖਿਆ, ‘‘ਪੰਜਾਬੀ ਕਿਸਾਨਾਂ ਨੇ ਕੇਂਦਰ ਦੀ ਬਹਿਰੀ ਸਰਕਾਰ ਤੱਕ ਆਪਣੀ ਆਵਾਜ਼ ਪੁੱਜਦੀ ਕਰਨ ਲਈ ਦਿੱਲੀ ਜਾਣਾ ਸੀ, ਪਰ ਇਹ ਲਾਂਘਾ ਆਪ ਦੇ ਸੂਬੇ ਹਰਿਆਣਾ ਵਿਚੋਂ ਦੀ ਸੀ। ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਆਪ ਦੀ ਸਰਕਾਰ ਵੱਲੋਂ ਬਹੁਤ ਹੀ ਗੈਰ ਲੋਕਤਾਂਤਰਿਕ ਤਰੀਕੇ ਨਾਲ ਲੋਕਾਂ ਨੂੰ ਹਰਿਆਣਾ ਵਿਚ ਦੀ ਲੰਘ ਕੇ ਦਿੱਲੀ ਜਾਣ ਤੋਂ ਰੋਕਿਆ ਗਿਆ।’’
Manohar Lal Khattar
ਜਾਖੜ ਨੇ ਕਿਹਾ ਕਿ ਭਾਰਤ ਇਕ ਆਜ਼ਾਦ ਮੁਲਕ ਹੈ ਅਤੇ ਇਹ ਆਜ਼ਾਦੀ ਹਾਸਲ ਕਰਨ ਲਈ ਸਮੂਹ ਭਾਰਤੀਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ। ਆਜ਼ਾਦੀ ਇਸੇ ਲਈ ਤਾਂ ਲਈ ਸੀ ਕਿ ਅਸੀਂ ਸ਼ਾਸਕ ਦੇ ਗਲਤ ਕੰਮਾਂ ਖਿਲਾਫ ਅਵਾਜ ਉਠਾ ਸਕੀਏ। ਹੁਣ ਜਦ ਕੇਂਦਰ ਸਰਕਾਰ ਨੇ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਲੇ ਕਾਨੂੰਨ ਬਣਾਏ ਹਨ ਤਾਂ ਇਸ ਦਾ ਵਿਰੋਧ ਕਰਨ ਦਾ ਹੱਕ ਲੋਕਾਂ ਤੋਂ ਜਬਰੀ ਖੋਹ ਕੇ ਹਰਿਆਣਾ ਦੀ ਭਾਜਪਾ ਸਰਕਾਰ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਕਰਨ ਵਾਲੇ ਉਹਨਾਂ ਮਹਾਨ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕਰ ਰਹੀ ਹੈ।
Farmers Protest
ਜਾਖੜ ਨੇ ਚਿੱਠੀ ਵਿਚ ਖੱਟਰ ਨੂੰ ਇਹ ਵੀ ਯਾਦ ਕਰਵਾਇਆ ਕਿ ਇਹਨਾਂ ਕਾਲੇ ਕਾਨੂੰਨਾਂ ਦਾ ਸਭ ਤੋਂ ਵੱਧ ਅਸਰ ਤਾਂ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਕਿਸਾਨਾਂ ‘ਤੇ ਹੀ ਪੈਣਾ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਲਿਖਿਆ,‘‘ ਇਸ ਦੇਸ਼ ਦਾ ਸੰਵਿਧਾਨ ਸਮੂਹ ਨਾਗਰਿਕਾ ਨੂੰ ਬਿਨਾਂ ਰੋਕ ਟੋਕ ਦੇਸ਼ ਵਿਚ ਕਿਤੇ ਵੀ ਆਉਣ ਜਾਣ ਦੀ ਆਗਿਆ ਦਿੰਦਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਤੁਸੀਂ ਰਾਸ਼ਟਰ ਦੇ ਸੰਵਿਧਾਨ ਦਾ ਵੀ ਘੋਰ ਅਪਮਾਨ ਕੀਤਾ ਹੈ।’’