
ਸਰਹੱਦੀ ਖੇਤਰ ਦੇ 56 ਸਿੱਖ ਪ੍ਰਵਾਰਾਂ ਦੇ ਕਰੀਬ 500 ਮੈਂਬਰਾਂ ਨੇ ਸਿੱਖੀ 'ਚ ਕੀਤੀ ਘਰ ਵਾਪਸੀ
ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਕੀਤਾ ਸਨਮਾਨਤ
ਅੰਮਿ੍ਤਸਰ, 21 ਸਤੰਬਰ (ਪਰਮਿੰਦਰ ਅਰੋੜਾ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਨਾਲ ਪੰਜਾਬ ਦੇ ਸਰਹੱਦੀ ਖੇਤਰ ਦੇ 12 ਪਿੰਡਾਂ ਤੋਂ 56 ਸਿੱਖ ਪ੍ਰਵਾਰਾਂ ਦੇ ਲਗਭਗ 500 ਮੈਂਬਰਾਂ ਨੇ ਸਿੱਖੀ 'ਚ ਘਰ ਵਾਪਸੀ ਕੀਤੀ ਹੈ, ਜੋ ਗੁਰੂ ਕੀ ਵਡਾਲੀ, ਖਾਪੜਖੇੜੀ, ਰਾਮੂਵਾਲ, ਧੱਤਲ, ਚੀਚਾ, ਭਕਨਾ, ਬੁਰਜ, ਸੋਹਲ ਤੇ ਝਬਾਲ ਆਦਿ ਪਿੰਡਾਂ ਨਾਲ ਸਬੰਧਤ ਹਨ |
ਇਸ ਸਬੰਧ ਵਿਚ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਪਾਤਸ਼ਾਹੀ ਛੇਵੀਂ ਸ੍ਰੀ ਅੰਮਿ੍ਤਸਰ ਵਿਖੇ ਕੀਤੇ ਵਿਸ਼ੇਸ਼ ਸਮਾਗਮ 'ਚ ਸ਼ਾਮਲ ਹੋਏ ਘਰ ਵਾਪਸੀ ਕਰਨ ਵਾਲੇ ਕਰੀਬ 100 ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਬਾਵਾ ਸਿੰਘ ਗੁਮਾਨਪੁਰਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੁਖਵਰਸ਼ ਸਿੰਘ ਪੰਨੂ ਤੇ ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਸਿਰੋਪਾਉ ਤੇ ਧਾਰਮਕ ਪੁਸਤਕਾਂ ਦੇ ਕੇ ਸਨਮਾਨਤ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੁਖਵਰਸ਼ ਸਿੰਘ ਪੰਨੂ ਨੇ ਸਿੱਖੀ 'ਚ ਵਾਪਸ ਪਰਤੇ ਪ੍ਰਵਾਰਾਂ ਨੂੰ ਜੀ-ਆਇਆਂ ਕਿਹਾ ਅਤੇ ਭਵਿੱਖ ਵਿਚ ਹੋਰਨਾਂ ਲੋਕਾਂ ਨੂੰ ਅਜਿਹੇ ਅਖੌਤੀ ਪ੍ਰਚਾਰਕਾਂ ਦੇ ਭਰਮਜਾਲ ਤੋਂ ਬਚ ਕੇ ਰਹਿਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਮੌਜੂਦ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਦਸਿਆ ਕਿ ਇਹ ਸਿੱਖ ਪ੍ਰਵਾਰ ਅਖੌਤੀ ਇਸਾਈ ਪ੍ਰਚਾਰਕਾਂ ਦੇ ਗੁਮਰਾਹਕੁਨ ਪ੍ਰਚਾਰ ਦਾ ਸ਼ਿਕਾਰ ਹੋ ਗਏ ਸਨ | ਇਨ੍ਹਾਂ ਅੰਦਰ ਸਿੱਖੀ ਭਾਵਨਾ ਪ੍ਰਚੰਡ ਹੈ ਅਤੇ ਇਨ੍ਹਾਂ ਨੇ ਅਹਿਸਾਸ ਕਰਦਿਆਂ ਘਰ ਵਾਪਸੀ ਕੀਤੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਸਰਹੱਦੀ ਖੇਤਰ ਅੰਦਰ ਧਰਮ ਪ੍ਰਚਾਰ ਲਹਿਰ ਚਲਾਈ ਜਾ ਰਹੀ ਹੈ ਅਤੇ ਧਰਮ ਪ੍ਰੀਵਰਤਨ ਦੇ ਮਾਮਲਿਆਂ ਵਲ ਵਿਸ਼ੇਸ਼ ਧਿਆਨ ਦਿਤਾ ਜਾ ਰਿਹਾ ਹੈ | ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਅਖੌਤੀ ਇਸਾਈ ਪ੍ਰਚਾਰਕਾਂ ਦੇ ਝਾਂਸੇ ਤੋਂ ਸੁਚੇਤ ਰਹਿਣ | ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਇੰਚਾਰਜ ਸ. ਹਰਭਜਨ ਸਿੰਘ ਵਕਤਾ, ਸ. ਜਸਕਰਨ ਸਿੰਘ, ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਸ. ਹਰਵਿੰਦਰ ਸਿੰਘ ਰੂਪੋਵਾਲੀ, ਸ. ਦਿਲਰਾਜ ਸਿੰਘ ਗਿੱਲ, ਪਿ੍ੰਸੀਪਲ ਮਨਜੀਤ ਕੌਰ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਆਦਿ ਮੌਜੂਦ ਸਨ |