
ਦਿੱਲੀ ਪੁਲਿਸ ਨੇ ਮੁੰਬਈ ਬੰਦਰਗਾਹ ਤੋਂ 1725 ਕਰੋੜ ਰੁਪਏ ਦੀ 20 ਟਨ ਹੈਰੋਇਨ ਕੀਤੀ ਬਰਾਮਦ
ਨਵੀਂ ਦਿੱਲੀ, 21 ਸਤੰਬਰ : ਭਾਰਤ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਦੀਆਂ ਯੋਜਨਾਵਾਂ ਨੂੰ ਦਿੱਲੀ ਪੁਲਿਸ ਨੇ ਨਾਕਾਮ ਕਰ ਦਿਤਾ ਹੈ | ਇਕ ਸੂਚਨਾ ਦੇ ਆਧਾਰ 'ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁੰਬਈ ਸਥਿਤ ਨਵਾਂ ਸੇਵਾ ਬੰਦਰਗਾਹ ਤੋਂ 20 ਟਨ ਹੈਰੋਇਨ ਜਬਤ ਕੀਤੀ ਹੈ | ਦਿੱਲੀ ਪੁਲਿਸ ਵਲੋਂ ਜਬਤ ਕੀਤੀ ਗਈ ਹੈਰੋਇਨ ਦੀ ਇਹ ਹੁਣ ਤਕ ਦੀ ਸੱਭ ਤੋਂ ਵੱਡੀ ਖੇਪ ਹੈ | ਨਸ਼ੀਲੇ ਪਦਾਰਥਾਂ ਦੀ ਇਸ ਖੇਪ ਦੀ ਬਾਜ਼ਾਰੀ ਕੀਮਤ 1725 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ | ਇੰਨੀ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੀ ਖੇਪ ਦੇਖ ਕੇ ਪੁਲਿਸ ਵੀ ਦੰਗ ਰਹਿ ਗਈ | ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਹੈਰੋਇਨ ਦੀ ਇੰਨੀ ਵੱਡੀ ਖੇਪ ਨਵਾਂ ਸੇਵਾ ਬੰਦਰਗਾਹ ਤਕ ਕਿਵੇਂ ਪਹੁੰਚੀ? ਦਿੱਲੀ ਪੁਲਿਸ ਨੇ ਡਰੱਗ ਮਾਫੀਆ ਦੀ ਵੱਡੀ ਖੇਡ ਨੂੰ ਨਾਕਾਮ ਕਰ ਦਿਤਾ ਹੈ |
ਪੁਲਿਸ ਨੂੰ ਨਸ਼ੇ ਦੀ ਵੱਡੀ ਖੇਪ ਭਾਰਤ ਆਉਣ ਦੀ ਗੁਪਤ ਸੂਚਨਾ ਮਿਲੀ ਸੀ | ਇਸ ਤੋਂ ਬਾਅਦ ਸਪੈਸ਼ਲ ਸੈੱਲ ਦੀ ਟੀਮ ਨੇ ਨਵਾਂ ਸੇਵਾ ਬੰਦਰਗਾਹ ਤੋਂ ਇਕ ਕੰਟੇਨਰ ਜਬਤ ਕੀਤਾ | ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ | ਟੀਮ ਨੇ ਕੰਟੇਨਰ ਵਿਚੋਂ ਕਰੀਬ 20 ਟਨ ਹੈਰੋਇਨ ਬਰਾਮਦ ਕੀਤੀ | ਸੂਤਰਾਂ ਨੇ ਦਸਿਆ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ ਕਰੀਬ 1725 ਕਰੋੜ ਰੁਪਏ ਹੈ | ਪੁਲਿਸ ਦੇ ਸਾਹਮਣੇ ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਨਸ਼ਿਆਂ ਦੀ ਇੰਨੀ ਵੱਡੀ ਖੇਪ ਕਿਸਨੇ ਮੰਗਵਾਈ ਸੀ? ਇਸ ਦੇ ਨਾਲ ਹੀ ਸਵਾਲ ਇਹ ਵੀ ਉਠਾਏ ਜਾ ਰਹੇ ਹਨ ਕਿ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਨਸ਼ਿਆਂ ਦੀ ਖੇਪ ਭਾਰਤੀ ਸਰਹੱਦ 'ਚ ਕਿਵੇਂ ਦਾਖ਼ਲ ਹੋਈ? ਕੀ ਇਸ ਦੀ ਕਿਸੇ ਪੱਧਰ 'ਤੇ ਜਾਂਚ ਨਹੀਂ ਹੋਈ?