
ਡਾਕਟਰਾਂ ਦੇ 3 ਮੈਂਬਰੀ ਬੋਰਡ ਵੱਲੋਂ ਵੀਡੀਓ ਗ੍ਰਾਫੀ ਹੇਠ ਕੀਤਾ ਗਿਆ ਪੋਸਟਮਾਰਟਮ
ਫਗਵਾੜਾ-ਇਕ ਨਿੱਜੀ ਯੂਨੀਵਰਸਿਟੀ ਦੇ ਹੋਸਟਲ ’ਚ ਰਹਿ ਕੇ ਪੜ੍ਹਾਈ ਕਰ ਰਹੇ ਬਿਜ਼ਨੈੱਸ ਮੈਨੇਜਮੈਂਟ ਦੇ ਵਿਦਿਆਰਥੀ ਅਗਿਨ ਐੱਸ. ਦਿਲੀਪ ਵਾਸੀ ਕੇਰਲਾ ਦੀ ਮੰਗਲਵਾਰ ਦੀ ਰਾਤ ਸ਼ੱਕੀ ਹਾਲਾਤ ’ਚ ਹੋਸਟਲ ਦੇ ਕਮਰੇ ’ਚ ਫਾਹ ਲੱਗੀ ਲਾਸ਼ ਮਿਲੀ ਸੀ। ਇਸ ਮਾਮਲੇ ਨੂੰ ਲੈ ਕੇ ਜਿੱਥੇ ਵਿਦਿਆਰਥੀਆਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਪੰਜਾਬ ਪੁਲਿਸ ਦੇ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਵਿਦਿਆਰਥੀ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ’ਚ ਕੇਰਲਾ ਦੇ ਕਾਲੀਕਟ ਵਿਖੇ ਐੱਨ. ਆਈ. ਟੀ. ਦੇ ਪ੍ਰੋਫ਼ੈਸਰ ਪ੍ਰਸਾਦ ਕ੍ਰਿਸ਼ਨਾ ਖ਼ਿਲਾਫ਼ 306 ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਏ. ਡੀ. ਜੀ. ਪੀ. ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੇ ਕਮਰੇ ’ਚੋਂ ਪੁਲਿਸ ਨੂੰ ਉਸ ਦੇ ਹੱਥਾਂ ਨਾਲ ਲਿਖੇ ਗਏ 3 ਨੋਟ ਬਰਾਮਦ ਹੋਏ ਹਨ, ਜਿਨ੍ਹਾਂ ’ਚੋਂ ਇਕ ਸੁਸਾਈਡ ਨੋਟ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਇਸ ਤੋਂ ਪਹਿਲਾਂ ਕਾਲੀਕਟ ਵਿਖੇ ਐੱਨ. ਆਈ. ਟੀ. ਦਾ ਵਿਦਿਆਰਥੀ ਸੀ ਅਤੇ ਉਸ ਨੇ ਉੱਥੇ 4 ਸਾਲ ਦੀ ਪੜ੍ਹਾਈ ਪੂਰੀ ਕੀਤੀ ਹੈ ਪਰ ਇਸ ਦੌਰਾਨ ਉਸ ਨੂੰ ਉੱਥੋਂ ਅਰੇਟੀਗੇਟ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਫਗਵਾੜਾ ਵਿਖੇ ਪੜ੍ਹਾਈ ਕਰਨ ਲਈ ਆ ਗਿਆ।
ਏ. ਡੀ. ਜੀ. ਪੀ. ਨੇ ਕਿਹਾ ਕਿ ਇਸ ਗੰਭੀਰ ਮਾਮਲੇ ਨੂੰ ਲੈ ਕੇ ਐੱਸ. ਪੀ. ਫਗਵਾੜਾ ਨੂੰ ਮੁੱਖ ਜਾਂਚ ਅਫ਼ਸਰ ਤਾਇਨਾਤ ਕੀਤਾ ਗਿਆ ਹੈ, ਜੋ ਆਪਣੀ ਜਾਂਚ ਦੀ ਰੋਜ਼ਾਨਾ ਰਿਪੋਰਟ ਡੀ. ਆਈ. ਜੀ. ਜਲੰਧਰ ਰੇਂਜ ਐੱਸ. ਭੂਪਤੀ ਅਤੇ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਜਾਂ ਅਦਾਰੇ ਨੂੰ ਜਦੋਂ ਤਕ ਪੁਲਿਸ ਜਾਂਚ ਪੂਰੀ ਨਹੀਂ ਹੋ ਜਾਂਦੀ ਹੈ, ਕਿਸੇ ਵੀ ਪੱਖੋਂ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਇਸ ਸਾਰੇ ਮਾਮਲੇ ਵਿਚ ਯੂਨੀਵਰਸਿਟੀ ਦਾ ਕੀ ਰੋਲ ਰਿਹਾ ਹੈ, ਉਸ ਦੀ ਵੀ ਜਾਂਚ ਹੋਵੇਗੀ।
ਮ੍ਰਿਤਕ ਵਿਦਿਆਰਥੀ ਦੀ ਲਾਸ਼ ਦਾ ਬੁੱਧਵਾਰ ਫਗਵਾੜਾ ਸਿਵਲ ਹਸਪਤਾਲ ’ਚ ਡਾਕਟਰਾਂ ਦੇ 3 ਮੈਂਬਰੀ ਬੋਰਡ ਵੱਲੋਂ ਵੀਡੀਓ ਗ੍ਰਾਫੀ ਹੇਠਾਂ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਜਦ ਤੱਕ ਪੋਸਟਮਾਰਟਮ ਦੀ ਅਧਿਕਾਰਕ ਪੱਧਰ ’ਤੇ ਰਿਪੋਰਟ ਨਹੀਂ ਆ ਜਾਂਦੀ ਹੈ ਤਦ ਤੱਕ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਯੂਨੀਵਰਸਿਟੀ ਦੇ ਹੋਸਟਲ ਦੇ ਉਸ ਕਮਰੇ ਜਿਸ ’ਚ ਮ੍ਰਿਤਕ ਵਿਦਿਆਰਥੀ ਰਹਿ ਰਿਹਾ ਸੀ, ਦੀ ਵੀ ਫੋਰੈਂਸਿਕ ਜਾਂਚ ਕੀਤੀ ਗਈ ਹੈ ਅਤੇ ਉਥੋਂ ਸਾਰੇ ਸਬੂਤਾਂ ਨੂੰ ਇਕੱਠਾ ਕੀਤਾ ਗਿਆ ਹੈ।