
ਮਾਮਲਾ ਸੁਣਵਾਈ ਹਿੱਤ ਦੂਜੀ ਬੈਂਚ ਨੂੰ ਰੈਫਰ ਕਰ ਦਿੱਤਾ ਹੈ
ਚੰਡੀਗੜ੍ਹ - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਹਿਲ ਵੱਲੋਂ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦਰਜ ਕੀਤੇ ਕੇਸ ਵਿੱਚ ਜਮਾਨਤ ਲਈ ਦਾਖ਼ਲ ਅਰਜੀ ਦੀ ਸੁਣਵਾਈ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਵਿਕਾਸ ਬਹਿਲ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਤੇ ਮਾਮਲਾ ਸੁਣਵਾਈ ਹਿੱਤ ਦੂਜੀ ਬੈਂਚ ਨੂੰ ਰੈਫਰ ਕਰ ਦਿੱਤਾ ਹੈ।
ਇਹ ਮਾਮਲਾ ਸ਼ੁੱਕਰਵਾਰ ਨੂੰ ਜਸਟਿਸ ਵਿਕਾਸ ਬਹਿਲ ਦੀ ਬੈਂਚ ਮੂਹਰੇ ਸੁਣਵਾਈ ਹਿੱਤ ਆਇਆ ਸੀ ਤੇ ਪਟੀਸ਼ਨ ’ਤੇ ਬਹਿਸ ਸ਼ੁਰੂ ਹੋਣ ਦੇ ਨਾਲ ਹੀ ਬੈਂਚ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਚਹਿਲ ਨੇ ਇਸੇ ਮਾਮਲੇ ਵਿੱਚ ਹੇਠਲੀ ਅਦਾਲਤ ਵਿੱਚ ਜਮਾਨਤ ਅਰਜੀ ਦਾਖ਼ਲ ਕੀਤੀ ਸੀ ਤੇ ਅਰਜੀ ਰੱਦ ਹੋਣ ’ਤੇ ਹੁਣ ਹਾਈਕੋਰਟ ਪਹੁੰਚ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਜਾਇਦਾਦ ਦੇ ਬਿਓਰੇ ਦਾ ਚਾਰਟ ਹੀ ਨਹੀਂ ਦਿੱਤਾ ਗਿਆ ਤੇ ਉਹ ਜਵਾਬ ਕਿਵੇਂ ਦੇਣਗੇ
ਜਿਸ ’ਤੇ ਬੈਂਚ ਨੇ ਵੀਰਵਾਰ ਨੂੰ ਸੁਣਵਾਈ ਕਰਦਿਆਂ ਚਾਰਟ ਦੇਣ ਦੀ ਹਦਾਇਤ ਕੀਤੀ ਤੇ ਵੀਰਵਾਰ ਨੂੰ ਚਾਰਟ ਦੇ ਦਿੱਤਾ ਗਿਆ ਸੀ ਤੇ ਬੈਂਚ ਨੇ ਚਹਿਲ ਨੂੰ ਇਸ ਦਾ ਜਵਾਬੀ ਚਾਰਟ ਪੇਸ਼ ਕਰਨ ਲਈ ਕਿਹਾ ਹੈ ਤੇ ਨਾਲ ਹੀ ਸ਼ੁੱਕਰਵਾਰ ਨੂੰ ਬਹਿਸ ਕਰਨ ਦੀ ਗੱਲ ਕਹੀ ਸੀ ਪਰ ਅੱਜ ਉਨ੍ਹਾਂ ਨੇ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਜਿਕਰਯੋਗ ਹੈ ਕਿ ਵਿਜੀਲੈਂਸ ਬਿਉਰੋ ਨੇ ਮਾਮਲਾ ਦਰਜ ਕਰਨ ਤੋਂ ਪਹਿਲਾਂ ਚਹਿਲ ਨੂੰ ਜਾਂਚ ਲਈ ਬੁਲਾਇਆ ਸੀ ਪਰ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਵਿਰੁੱਧ ਨਾ ਕੋਈ ਮਾਮਲਾ ਦਰਜ ਹੈ ਤੇ ਨਾ ਹੀ ਕੋਈ ਨੋਟਿਸ ਦਿੱਤਾ ਗਿਆ ਤੇ ਹਾਈਕੋਰਟ ਪਹੁੰਚ ਕੀਤੀ ਸੀ ਤੇ ਇਸੇ ਦੌਰਾਨ ਵਿਜੀਲੈਂਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ।